ਅਸਾਂ ਕੁਲਵੰਤ ਸਿੰਘ ਨੂੰ ਟੋਲੀ ਦਾ ਜਥੇਦਾਰ ਬਣਾ ਕੇ ਘੱਲ ਦਿੱਤਾ, ਪਰ ਉਸ ਨੇ ਉੱਥੇ ਵੀ ਲਿੱਦ ਹੀ ਕੀਤੀ। ਸਿਆਣਿਆਂ ਨੇ ਸੱਚ ਕਿਹਾ ਹੈ ਕਿ “ਮੂਰਖ ਦੇ ਸਿਰ ਸਿੰਗ ਨਹੀਂ ਹੁੰਦੇ।" ਉਹ ਆਪਣੀ ਕਰਤੂਤ ਕਰਕੇ ਹੀ ਮੂਰਖ ਜਾਣੇ ਜਾਂਦੇ ਹਨ।
ਵੈਰੀ ਮਿਤ੍ਰ ਨ ਸਮਝਈ ਰੰਗ ਸੁਰੰਗ ਕੁਰੰਗ ਅਛੁਪਾ । ਮੂਰਖ ਨਾਲ ਚੰਗੇਰੀ ਚੁਪਾ।
ਮੱਥੈ ਵਾਲ ਪਛਾੜਿਆ ਵਾਲ ਛਡਾਇਅਨ ਕਿਸਦੈ ਬੁਤੈ । ਮੂਰਖ ਬੀਜੈ ਬੀਉ ਕੁਰੁਤੈ।
ਕੀ ਕਰੀਏ, ‘ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ'। ਪੁੱਤਰ ਨੂੰ ਮੈਂ ਕਦੀ ਏਨਾਂ ਪਿਆਰ ਨਹੀਂ ਸੀ ਕੀਤਾ, ਜਿੰਨਾਂ ਪੋਤਰਿਆਂ ਨੂੰ ਕਰਦੀ ਹਾਂ।
ਪਰ ਇਹ ਬਾਲਾਂ ਬੁੱਢਿਆਂ ਦੀਆਂ ਲੜਾਈਆਂ ਹਨ। ‘ਮੂਲੀ ਤੋਂ ਲੜਾਈ, ਗਾਜਰ ਤੋਂ ਮਨੇਵਾ'। ਸੋ ਕੀ ਗੱਲ ਕਰਨੀ ਹੋਈ।
ਮੰਗਣਾ ਬੁਰਾ ! ਮੰਗੀ ਚੀਜ਼ ਤੇ ਜੀਣਾ ਬੁਰਾ ‘ਮੂੰਹ ਕਾਲਾ ਤੇ ਨੀਲੇ ਪੈਰ, ਜਿਹੜੇ ਮੰਗਦੇ ਨਿਤ ਨਿਤ ਖ਼ੈਰ।' ਇਸੇ ਲਈ ਮੰਗਵੇਂ ਧਨ ਉੱਤੇ ਪਲਦੇ ਵਿਹਲੜ ਕਦੀ ਕੋਈ ਚੰਗਾ ਕੰਮ ਕਰਨ ਦੇ ਯੋਗ ਨਹੀਂ ਹੁੰਦੇ।
ਮੈਂ ਚੱਪਲ ਲਾਹ ਕੇ ਪੈਰ ਕਿਸ਼ਤੀ ਵਿੱਚ ਲਮਕਾ ਦਿੱਤਾ । ਮੁੰਡੇ ਨੇ ਮੈਨੂੰ ਹੋਰ ਤਰ੍ਹਾਂ ਵੇਖਿਆ। ਪਰ ਫਿਰ ਸ਼ਾਇਦ ਮੇਰੇ ਰੁਪਏ ਕਰਕੇ ਚੁੱਪ ਕਰ ਗਿਆ । 'ਮੂੰਹ ਖਾਂਦੇ ਦੀਆਂ ਅੱਖਾਂ ਸ਼ਰਮਾਂਦੀਆਂ ਹਨ।'
ਜ਼ਬਾਨੀ ਜਮਾਂ ਖਰਚ ਮੈਂ ਬਥੇਰਾ ਵੇਖ ਚੁਕਾ ਹਾਂ। ਹੁਣ ਕੁਝ ਹੱਥੋਂ ਵੀ ਝਾੜੋ । ਅਖੇ 'ਮੂੰਹ ਚੁੰਮਾ ਟੁਕ ਨਾ ਦਿਆਂ, ਖਾਹ ਬੱਚਾ ਬਥੇਰੀਆਂ'।
ਉਸਦਾ ਇਹ ਦਾਅਵਾ ਕਰਨਾ ਕਿ ਉਹ ਉਨ੍ਹਾਂ ਸਾਰਿਆਂ ਦੀ ਮਦਦ ਕਰੇਗਾ ਮੈਨੂੰ ਤਾਂ 'ਮੂੰਹ ਛੋਟਾ ਗੱਲ ਵੱਡੀ' ਵਾਂਗੂ ਜਾਪਦਾ ਹੈ। ਆਪ ਵਿਚਾਰਾ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ। ਕਿਸੇ ਦੀ ਮਦਦ ਕੀ ਕਰਨੀ ਏ।
ਪੈਂਚ- ਸ਼ਾਹ ਨੂੰ ਬੁਲਾ ਕੇ ਆਹਮੋ ਸਾਹਮਣੇ ਗੱਲ ਕਰਨ ਵਿੱਚ ਕੋਈ ਹਰਜ ਨਹੀਂ, ਅਖੇ ‘ਮੂੰਹ ਜੁੜੇ ਕੂੜ ਨਿਖੁਟੇ’ ਝਟ ਸੱਚੀ ਗੱਲ ਦਾ ਪਤਾ ਲੱਗ ਜਾਵੇਗਾ।
ਮਾਂ, ਤੇਰੀ ਗੱਲ ਸੱਚੀ ਨਿਕਲੀ । ਮੰਗ ਕੇ ਅਸੀਂ ਬੜੀਆਂ ਔਖੀਆਂ ਹੋਈਆਂ। ਸੱਚ ਹੈ, 'ਮੂੰਹ ਟੱਡੇ ਤੇ ਮੱਖੀਆਂ ਹੀ ਪੈਣਗੀਆਂ।'
ਆਪਣੀ ਹੈਸੀਅਤ ਨੂੰ ਤਾਂ ਵੇਖ। ਫਿਰ ਏਨੀਆਂ ਉੱਚੀਆਂ ਛਾਲਾਂ ਮਾਰੀਂ । ਅਖੇ, “ਮੂੰਹ ਤੇ ਵਧਰ ਤੇ ਖੇਡਾਂ ਦੀ ਸੱਧਰ।"