ਇਹ ਦਲੇਰੀ ਨਹੀਂ, ਬੇਹਯਾਈ ਏ, ਬਈ ਪਾਪ ਕਰਨਾ ਤੇ ਕਿਸੇ ਤੋਂ ਨਾ ਡਰਨਾ। 'ਮੂੰਹ ਤੋਂ ਲਾਹੀ ਲੋਈ ਤੇ ਕੀ ਕਰੇਗਾ ਕੋਈ' ਪਰ ਇੱਜ਼ਤਦਾਰ ਮਨੁੱਖ ਆਪਣੀ ਇੱਜ਼ਤ ਦਾ ਸਭ ਤੋਂ ਵਧੀਕ ਖਿਆਲ ਰੱਖਦਾ ਹੈ।
ਗੱਲਾਂ ਹੀ ਗੱਲਾਂ ਨੇ ਉਸ ਦੀਆਂ। ਅਮਲੋਂ ਖਾਲੀ ਏ; ਅਖੇ ਮੂੰਹ ਦੀ ਲਹਿਰ ਬਹਿਰ, ਹੱਥਾਂ ਦੀ ਹੜਤਾਲ।
ਨੀਚ ਜਾਤਾਂ ਕਿਧਰੇ ਰਹੀਆਂ, ਉੱਚੀਆਂ ਜਾਤਾਂ ਨੇ ਉਹ ਉੱਦਮ ਕੀਤਾ ਹੈ ਕਿ ਇਸ ਰੋਗ ਰੂਪ ਸ਼ਰਾਬ ਖਾਨਾ ਖਰਾਬ ਨੂੰ ਵੱਡੇ ਆਦਰ ਨਾਲ ਮੂੰਹ ਲਾਇਆ । ਕਹਾਉਤ ਹੈ 'ਮੂੰਹ ਲਾਇਆ ਤੇ ਗਵਾਇਆ'।
ਸਰਦਾਰ ਜੀ ! ਉਸਦੇ ਵਿਗੜਨ ਦੇ ਅਸੀਂ ਵੀ ਜ਼ਿੰਮੇਵਾਰ ਹਾਂ, ਅਸੀਂ ਵੀ ਤਾਂ ਉਸ ਕਮੀਨੇ ਦਾ ਕਾਫੀ ਆਦਰ ਕੀਤਾ ਹੈ। ਅਖੇ 'ਮੂੰਹ ਲਾਈ ਡੂੰਮਣੀ ਗਾਵੈ ਤਾਲ ਬਿਤਾਲ।'
ਅੱਜ ਕੱਲ ਦੀਆਂ ਸੱਸਾਂ ਤੇ ਰੱਜ ਕੇ ਰੋਟੀ ਵੀ ਨਹੀਂ ਖਾਣ ਦੇਂਦੀਆਂ ਨੂੰਹਾਂ ਨੂੰ। ਚੂੜਾ ਵੀ ਨਹੀਂ ਮੈਲਾ ਹੁੰਦਾ ਤੇ ਸੱਸੜੀਆਂ ਵਢੂੰ ਖਾਊਂ ਵਢੂੰ ਖਾਊਂ ਕਰਨ ਲਗ ਪੈਂਦੀਆਂ ਨੇ । ਹਰ ਵੇਲੇ ਬਸ ‘ਮੂੰਹ ਵਿਚ ਰੁਕਰ ਤੇ ਸਿਰ ਤੇ ਛਿੱਤਰ' ਵਾਲੀ ਗੱਲ ਹੁੰਦੀ ਰਹਿੰਦੀ ਏ।
ਮੇਰੀ ਤਾਂ ਠਾਣੇਦਾਰ ਨੇ ਇੱਕ ਨਾ ਸੁਣੀ, ਪਰ ਸੂਬੇਦਾਰ ਦੇ ਪੁਜਦਿਆਂ ਹੀ ਕੰਮ ਰਾਸ ਹੋ ਗਿਆ। ਕਿਸੇ ਸੱਚ ਕਿਹਾ ਹੈ 'ਮੂੰਹਾਂ ਨੂੰ ਮੁਲਾਹਜੇ ਧਿਰਾਂ ਨੂੰ ਸਲਾਮ।'
ਓਇ ਚੰਦਰਿਆ ! ਕਿਸੇ ਵੇਲੇ ਤਾਂ ਚੰਗੀ ਗੱਲ ਮੂੰਹ ਤੋਂ ਕੱਢਿਆ ਕਰ। ਤੇਰਾ ਤਾਂ ਹਰ ਵੇਲੇ ‘ਮੂੰਹੋਂ ਬੋਲੇ ਤੇ ਹੈਂਸ ਹੀ ਤੋਲੇ' ਵਾਲਾ ਹਾਲ ਹੈ।
ਉਹ ਐਤਕੀਂ ਬੇਕਾਬੂ ਹੋ ਕੇ ਬੋਲਿਆ 'ਕਮਜ਼ਾਤੇ ! ਬੰਦ ਕਰ ਬਕਵਾਸ । ਇਤਨੀ ਦਲੇਰੀ । 'ਮੇਰੀ ਬਿੱਲੀ ਤੇ ਮੈਨੂੰ ਹੀ ਮਿਆਊਂ।' ਤੂੰ ਨਹੀਂ ਜਾਣਦੀ ਇਹ ਘਰ ਕਿਸ ਦਾ ਹੈ ?
ਸੁਣਿਆ ਹੈ ਮਾਲਣ ਦੇ ਘਰ ਪੁੱਤ ਜੰਮਿਆ ਹੈ, ਪਰ ਖੁਸ਼ੀ ਨਾਲ ਤੂੰ ਫੁੱਲੀ ਨਹੀਂ ਸਮਾਂਦੀ। ਤੇਰਾ ਤਾਂ ਇਹ ਹਾਲ ਹੈ ਅਖੇ ‘ਮੇਲ ਮਾਨੀ ਤੇ ਭੜਕਣ ਭੁਲਰ'। ਲੋਕਾਂ ਤਾਂ ਹੱਸਣਾ ਆਪੇ ਹੋਇਆ।
ਸਾਨੂੰ ਗ਼ਰੀਬਾਂ ਨੂੰ ਕਿੰਨ੍ਹੇ ਪੁੱਛਣਾ ਸੀ ਉੱਥੇ ? 'ਮੇਲਾ ਮੇਲੀਆਂ ਦਾ ਪੌਲੀ ਧੇਲੀਆਂ ਦਾ' ਵਾਲਾ ਹਿਸਾਬ ਹਰ ਥਾਂ ਹੁੰਦਾ ਹੈ ।
ਦੁਕਾਨ ਉੱਤੇ ਢੇਰ ਰਕਮ ਖਰਚ ਕਰਕੇ ਨਫਾ ਕੁਝ ਵੀ ਨਹੀਂ, ਅਜੇਹੇ ਵਪਾਰ ਨੂੰ ਕੀ ਕਰਾਂ ? ਮੈਹਿ ਚੋਈਏ ਕੁਜੜੇ, ਨਾ ਵਸਦੇ ਨਾ ਉਜੜੇ।
'ਮੈਰੇ' ਵਿੱਚ ਔਰਤਾਂ ਪਿੱਛੇ ਖੂਨ ਖਰਾਬੇ ਹੁੰਦੇ ਰਹਿੰਦੇ ਹਨ, ਅਤੇ 'ਕਸਾਲੇ' ਦੇ ਠੀਂਗਣੇ ਜਿਹੇ ਲੋਕ ਆਪਣੀ ਜਵਾਨੀ ਦੀ ਮਦ ਵਿਚ ਰਹਿੰਦੇ, ਅਤੇ ਨਾਲ ਦੇ ਕਸ ਵਿਚ ਕੁਸ਼ਤੀਆਂ ਘੁਲਦੇ ਅਤੇ ਕੌਡੀ ਖੇਡਦੇ ਰਹਿੰਦੇ ਹਨ। ਇਸੇ ਲਈ ਆਖਦੇ ਹਨ, 'ਮੈਰਾ ਪਟਿਆ ਰੰਨਾਂ, ਕਸਾਲ ਜਵਾਨੇ ।'