ਆਹੋ, ਭਾਈ ਜੀ, 'ਰਾਮ ਵੀ ਤਾਂ ਭਰਿਆਂ ਨੂੰ ਭਰਦਾ ਹੈ' । ਸ਼ਾਹਾਂ ਪਾਸ ਅੱਗੇ ਕੀ ਥੋੜ੍ਹ ਸੀ । ਜੋ ਹੋਰ ਦੇ ਦਿੱਤਾ ?
ਹਰੀ ਰਾਮ ਸਮਾਧੀ ਤਾਂ ਖੂਬ ਲਾਉਂਦਾ ਸੀ, ਪਰ ਸੇਠ ਹੋਰਾਂ ਨੂੰ ਚੰਗਾ ਹੱਥ ਲਾ ਗਿਆ ਹੈ। ਉਸ ਦਾ ਤਾਂ ਇਹ ਹਾਲ ਸੀ ਕਿ 'ਰਾਮ ਰਾਮ ਜਪਣਾ ਪਰਾਇਆ ਮਾਲ ਆਪਣਾ।'
ਬਿਗਾਨੇ ਦਾ ਤਾਂ ਫਿਰ ਲਿਹਾਜ਼ ਕਰਦਾ ਹੈ, ਉਸ ਦਾ ਇਹ ਹਾਲ ਹੈ ਅਖੇ 'ਰਾਮ ਰਾਮ ਦੁਆਨੀਆਂ ਗਲ ਮਿਲੇ ਚੁਆਨੀਆਂ, ਬੂਹੇ ਉਤੇ ਡੇਰਾ ਤੇ ਅਧੋ ਅਧ ਨਿਬੇੜਾ'।
ਮੁਲਕ ਵਿੱਚ ਅਸੰਤੁਸ਼ਟਤਾ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਹੱਥ ਹਕੂਮਤ ਆ ਜਾਂਦੀ ਹੈ ਉਨ੍ਹਾਂ ਨੂੰ ਰਾਜ ਕਰਨ ਦਾ ਤੇ ਰਾਜ ਭਾਗ ਚਲਾਣ ਦਾ ‘ੳ, ਅ’ ਵੀ ਨਹੀਂ ਆਉਂਦਾ । ਗੱਲ ਵੀ ਠੀਕ ਹੈ ‘ਰਾਵਲ ਕੀ ਜਾਣੇ ਚਾਵਲਾਂ ਦਾ ਭਾ'।
ਕੰਵਰ- ਅਸੀਂ ਘਰੋਂ ਰਤਾ ਚਿਰਾਕੇ ਤੁਰੇ ਸਾਂ, ਕਈਆਂ ਨੂੰ ਰਾਹ ਵਿਚ ਛੱਡ ਅੱਗੇ ਵਧੀ ਗਏ, ਪਰ ਮੀਂਹ ਨੇ ਸਭ ਇਕੱਠੇ ਕਰ ਦਿੱਤੇ ਇਉਂ 'ਰਿਹਾਂ ਖਿਹਾਂ ਦਾ ਪਤਨ ਮੇਲਾ' ਵਾਲਾ ਲੇਖਾ ਹੋ ਗਿਆ।
ਤੁਹਾਨੂੰ ਕੀ ਪਤਾ ? 'ਰਿੱਛ ਦਾ ਘੋਲ ਕਲੰਦਰ ਜਾਣੇ' ਐਨੇ ਗੈਰੇ ਨੂੰ ਅਸੀਂ ਹੀ ਸਿੱਧਾ ਕਰ ਸਕਦੇ ਹਾਂ।
ਹੈਡਮਾਸਟਰ ਸਾਹਿਬ, ਤੁਸੀਂ ਕਹਿੰਦੇ ਹੋ ਬਾਲਾਂ ਨੂੰ ਮਾਰੋ ਨਾ, ਪਰ ਇਹ ਕਰੜਾਈ ਬਿਨਾਂ ਕਾਬੂ ਨਹੀਂ ਆਉਂਦੇ । ਸਿਆਣਿਆਂ ਨੇ ਐਵੇਂ ਤਾਂ ਨਹੀਂ ਕਿਹਾ, 'ਰਿਛ, ਬਾਲ, ਕਲੰਦਰ ਨਾ ਹੁੰਦੇ ਅੰਦਰ'।
ਭੋਲੂ, ਕਮਾਂਦਾ ਹੈ ਤੇ ਹਰ ਗੱਲ ਮਨਾਂਦਾ ਹੈ । 'ਰਿਜ਼ਕ ਚੌਹਾਂ ਪੱਟਾਂ ਦੀ ਚਾਦਰ ਹੈ' ਸਿਆਣਿਆਂ ਨੇ ਸੱਚ ਹੀ ਆਖਿਆ ਹੈ।
ਕੀ ਕਰੀਏ ਬੱਚੀ, ਰਿਜਕ ਦੇ ਧੱਕੇ ਹੋਏ ਦੇਸ ਪਰਦੇਸ ਟੱਕਰਾਂ ਮਾਰਨੀਆਂ ਪੈਂਦੀਆਂ ਨੇ । ਅਖੇ 'ਰਿਜਕ ਵਿਹੂਣੇ ਆਦਮੀ ਤੇ ਗਏ ਮੁਹੱਬਤਾਂ ਤੋੜ।'
ਰੀਸਾਂ ਕਰਹਿ ਤਿਨਾੜੀਆਂ ਜੋ ਸੇਵਹਿ ਦਰੁ ਖੜੀਆਹ । ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ।
ਇਕ ਮੁੰਡੇ ਦਾ ਝੱਗਾ ਸੁਆਓ, ਤਾਂ ਦੂਜਾ ਕੋਟ ਲੈਣ ਲਈ ਜ਼ਿੱਦ ਕਰਦਾ ਹੈ। ਮੈਂ ਕਿੱਥੋਂ ਲਿਆਵਾਂ ? 'ਰੀਸੀਂ ਪੁੱਤ ਨਾ ਜੰਮਦੇ ਹੋਰ ਸਭੇ ਗੱਲਾਂ।'
ਜਮਨਾ ਦੇ ਮੁੰਡੇ ਕੁੜੀਆਂ ਤਾਂ ਚੰਗੇ ਹਨ, ਪਤਾ ਨਹੀਂ ਆਪ ਕਿਹੋ ਜਿਹੀ ਹੈ ? ਸਹੇਲੀ-'ਰੁੱਖ ਫਲ ਤੋਂ ਪਛਾਣਿਆਂ ਜਾਂਦਾ ਹੈ।' ਆਪ ਵੀ ਚੰਗੀ ਹੀ ਹੋਣੀ ਏ।