ਮੈਂ ਘਰ ਬਰਬਾਦ ਨਹੀਂ ਕਰ ਸਕਦੀ । ਆਦਮੀ ਜੇ ਬੁੱਕੀਂ ਬੁੱਕੀਂ ਡੋਹਲੇ ਤਾਂ ਵੀ ਘਰ ਖ਼ਰਾਬ ਨਹੀਂ ਹੋ ਸਕਦਾ ਪਰ ਤੀਵੀਂ ਜੇ ਸੂਈ ਸੂਈ ਕਰ ਕੇ ਵੀ ਕੁਰੇਦੇ ਤਾਂ ਵੀ ਚਾਰ ਦਿਨਾਂ ਵਿੱਚ ਈ ਘਰ ਦਾ ਪਾਟਣਾ ਹੋ ਜਾਂਦਾ ਏ।
ਮਿੱਤ੍ਰਾਂ ਨੇ ਮਿੱਤ੍ਰਘਾਤ ਕਰਕੇ ਉਸਨੂੰ ਸੁੱਤੇ ਪਿਆਂ ਪਕੜਾ ਦਿੱਤਾ। ਪਕੜੇ ਜਾਣ ਤੇ ਉਹ ਦੰਦ ਤੇ ਬੜੇ ਪੀਂਹਦਾ ਸੀ ਪਰ ਕੀ ਬਣ ਸਕਦਾ ਸੀ। ਮਿੱਤ੍ਰ ਪਰ੍ਹੇ ਖੜੇ ਬੁੱਕਲ ਵਿੱਚ ਹੱਸ ਰਹੇ ਸਨ।
ਅੰਦਰ ਬੈਠ ਕੇ ਆਉ ਨਜਿੱਠ ਲਈਏ, ਬੁੱਕਲ ਆਪਣੀ ਨਸ਼ਰ ਕਰਵਾਈਏ ਨਾਂ, ਯਾਰੋ ਨਵਾਂ ਤੇ ਮਾਸ ਦਾ ਸਾਕ ਸਾਡਾ, ਜਥਾ ਸੱਦ ਕੇ ਲੀਕਾਂ ਲੁਆਈਏ ਨਾ।
ਮਿੱਟੀ ਪਾ ਦਿਉ ਪਿਛਲੀਆਂ ਬੀਤੀਆਂ ਤੇ, ਅੱਜ ਵਿੱਛੜੇ ਵੀਰ ਮਿਲਾ ਦਿਉ ਖਾਂ।
ਕਿਸੇ ਗੱਲ ਦਾ ਬੀਜ ਨਾਸ ਨਹੀਂ, ਕਈ ਚੰਗੇ ਆਦਮੀ ਵੀ ਕਮੇਟੀਆਂ ਦੇ ਮੈਂਬਰ ਬਣਦੇ ਹਨ, ਪਰ ਅਕਸਰ ਤਾਂ ਨਿਰੀ ਇੱਜ਼ਤ ਲਈ ਹੀ ਬਣਦੇ ਹਨ।
ਹੁਣ ਤੀਕ ਉਸ ਨੇ ਮਾਲ ਬਿੱਲੇ ਲਾ ਦਿੱਤਾ ਹੋਣਾ ਹੈ, ਹੁਣ ਤੁਹਾਨੂੰ ਸੇਰ ਭਰ ਚੀਜ਼ ਉਸ ਪਾਸੋਂ ਨਹੀਂ ਮਿਲਣੀ।
ਤੁਸੀਂ ਚੰਗੇ ਭਲੇ ਤਿਆਰ ਸੀ ਜਾਣ ਲਈ, ਹੁਣ ਕੀ ਬਿੱਲੀ ਨਿੱਛ ਗਈ ਹੈ, ਜੋ ਇਨਕਾਰ ਕਰ ਰਹੇ ਹੋ।
ਜੋ ਜੁਰਮ ਹੋਣਾ ਸੀ, ਉਹ ਤੇ ਹੋ ਗਿਆ। ਹੁਣ ਇਸ ਦੀ ਜਾਨ ਬਚਾਉਣ ਦੀ ਕੋਈ ਬਿਧ ਬਣਾਉ; ਨਹੀਂ ਤੇ ਇਹਦੀ ਸ਼ਾਮਤ ਤਾਂ ਆਈ ਸਮਝੋ।
ਰੋਗੀ ਵਿੱਚ ਬੋਲਣ ਦੀ ਸਮਰੱਥਾ ਨਹੀਂ ਸੀ, ਪਰ ਉਹ ਬਿਤਰ ਬਿਤਰ ਪੁਸ਼ਪਾ ਦੇ ਮੂੰਹ ਵੱਲ ਤੱਕ ਰਿਹਾ ਸੀ। ਮਾਨੋ ਅੱਖਾਂ ਨਾਲ ਹੀ ਅੱਖਾਂ ਪਾਸੋਂ ਪੁੱਛ ਰਿਹਾ ਸੀ ਕਿ ਕਿਹੜੇ ਸ੍ਵਰਗ ਦੀ ਦੇਵੀ ਹੈ।
ਬਿਚ ਬਿਚ ਕਰਕੇ ਹੀ ਉਹ ਸਾਰੇ ਕੰਮ ਕਢਾ ਲੈਂਦਾ ਹੈ; ਲਿਆਕਤ ਤੇ ਉਸ ਦੇ ਨੇੜਿਓਂ ਨਹੀਂ ਲੰਘੀ।
ਲੋਕਾਂ ਦੇ ਹਜੂਮ ਤੇ ਇਕਦਮ ਫ਼ੌਜੀ ਬਾੜ ਝਾੜ ਸ਼ੁਰੂ ਹੋ ਗਈ। ਬਸ ਹਫੜਾ ਦਫੜੀ ਪੈ ਗਈ, ਜਿਧਰ ਕਿਸੇ ਦੇ ਸਿੰਗ ਸਮਾਏ, ਉਧਰ ਉਹ ਉੱਠ ਦੌੜਿਆ।
ਸਚ ਮੁੱਚ ਤੂੰ ਬਾਰ੍ਹਾਂ ਭਾਲਣ ਈ ਏਂ ; ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ ਕਿਸ ਤਰ੍ਹਾਂ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ।