ਲੜਾਈ ਵਿੱਚ ਕਦੇ ਇੱਕ ਹੱਥੀਂ ਤਾੜੀ ਨਹੀਂ ਵੱਜਦੀ।
ਤੁਹਾਡੇ ਤੇ ਦੋਹੀਂ ਹੱਥੀਂ ਲੱਡੂ ਹਨ। ਖ਼ਾਤਰਾਂ ਹੀ ਖ਼ਾਤਰਾਂ ਹਨ।
ਨੀ ਕੁੜੀਉ, ਸੁੱਤੀਆਂ ਪਈਆਂ ਉ ? ਲਾੜਾ ਦੋਹੀਂ ਦੋਹੀਂ ਹੱਥੀਂ ਲੱਗ ਪਿਆ ਜੇ, ਕੁੜੀ ਦੀ ਮੁੱਠ ਖੋਲਣ।
ਸਿੱਖ ਕੌਮ ਨੂੰ ਆਪਣੇ ਬਚਪਨ ਵਿੱਚ ਭਾਵੇਂ ਬੜੇ ਬੜੇ ਘੱਲੂਘਾਰਿਆਂ ਨਾਲ ਦੋ ਚਾਰ ਹੋਣਾ ਪਿਆ, ਪਰ ਅੱਜ ਵਰਗਾ ਖ਼ਤਰਨਾਕ ਸਮਾਂ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਬਣਿਆ, ਜਦੋਂ ਕਿ ਆਰਥਿਕ, ਸਮਾਜਿਕ, ਰਾਜਸੀ ਤੇ ਵਿਉਹਾਰਕ ਤੌਰ ਤੇ ਇਹ ਉੱਕਾ ਹੀ ਖ਼ਾਤਮੇ ਦੇ ਨੇੜੇ ਪਹੁੰਚੀ ਹੋਈ ਹੈ।
ਸੱਸ ਦੇ ਭੈੜੇ ਵਤੀਰੇ ਤੋਂ ਤੰਗ ਆਈ ਨੂੰਹ ਨੇ ਕਿਹਾ, ਮੈਂ ਤਾਂ ਇੱਥੇ ਦੋਜ਼ਖ਼ ਦੀ ਅੱਗ ਵਿੱਚ ਸੜ ਰਹੀ ਹਾਂ।
ਉਹ ਕਾਲਜ ਵਿੱਚ ਕਿਸੇ ਤੇ ਮਰਦਾ ਫਿਰਦਾ ਏ ਤੇ ਉੱਧਰ ਕੁੜੀ ਵਿਚਾਰੀ ਸੱਸ ਦੇ ਕਾਬੂ ਆ ਦੋਜ਼ਖ ਭੋਗਦੀ ਏ। ਉਹਦੀ ਖਾਣ ਤੇ ਪਹਿਨਣ ਦੀ ਵਰੇਸ ਏ ; ਸੱਸ ਢਿੱਡ ਭਰਨ ਨੂੰ ਨਹੀਂ ਦਿੰਦੀ।
ਮੈਨੂੰ ਦੋ ਟੁਕ ਗੱਲ ਦੱਸੋ, ਐਵੇਂ ਘੁਮਾਓ ਨਾ। ਮੈਨੂੰ ਨਿਆਂ ਮਿਲੂ ਕਿ ਨਾ ?
ਦੋ ਟੁਕ ਜੁਆਬ ਦੇਣ ਨੂੰ ਉਹ ਸ਼ੇਰ ਹੈ। ਜਦੋਂ ਉਸ ਨੇ ਕੰਮ ਕਰਾ ਦੇਣਾ ਹੋਵੇ, ਝੱਟ ਕਹਿ ਦਿੰਦਾ ਹੈ ਕਿ ਕੰਮ ਹੋ ਜਾਏਗਾ, ਜਦੋਂ ਉਸ ਦੀ ਮਰਜ਼ੀ ਨਾ ਹੋਵੇ ਤੇ ਖੜੇ ਖੜੋਤੇ ਹੀ ਕਹਿ ਦਿੰਦਾ ਹੈ ਕਿ ਇਹ ਨਹੀਂ ਹੋਣਾ।
ਮਗਰ ਬਿਸਤਰ ਤੇ ਪਏ ਬੁੱਢੇ ਪਿਤਾ ਨੇ ਪੁੱਤਾਂ ਨੂੰ ਕਿਹਾ—ਬੱਚਿਓ, ਮੈਂ ਤੇ ਹੁਣ ਇੱਕ ਦੋ ਦਿਨ ਦਾ ਪ੍ਰਾਹੁਣਾ ਹਾਂ, ਮੇਰੇ ਪਿੱਛੋਂ ਖੇਤ ਨੂੰ ਡੂੰਘਾ ਖੋਦਣਾ, ਉਸ ਵਿੱਚ ਇੱਕ ਕੀਮਤੀ ਖ਼ਜ਼ਾਨਾ ਦੱਬਿਆ ਹੋਇਆ ਹੈ।
ਇਤਿਹਾਸ ਨੇ ਨਾਦਰਸ਼ਾਹ ਨੂੰ ਇੱਕ ਬਹੁਤ ਵੱਡਾ ਜੇਤੂ ਮੰਨਿਆ ਹੈ। ਸਿੱਖਾਂ ਨਾਲ ਭੀ ਇਸ ਦੇ ਦੋ ਦੋ ਹੱਥ ਹੋਏ। ਇਸ ਨੇ ਜੋ ਰਾਇ ਸਿੰਘਾਂ ਬਾਰੇ ਕਾਇਮ ਕੀਤੀ ਹੈ ਉਹ ਸੁਨਣ ਵਾਲੀ ਹੈ।
ਜਦੋਂ ਦਾ ਮੇਰਾ ਭਰਾ ਬਿਮਾਰ ਪਿਆ ਹੈ, ਮੈਨੂੰ ਹੁਸ਼ਿਆਰਪੁਰ ਉਸ ਦੇ ਕਾਰੋਬਾਰ ਨੂੰ ਵੀ ਦੇਖਣਾ ਪੈਂਦਾ ਹੈ ਤੇ ਇੱਧਰ ਜਲੰਧਰ ਵਿੱਚ ਮੈਨੂੰ ਆਪਣੇ ਕੰਮ ਦਾ ਵੀ ਫ਼ਿਕਰ ਲੱਗਾ ਰਹਿੰਦਾ ਹੈ, ਮੇਰੀਆਂ ਤਾਂ ਅੱਜ ਕੱਲ੍ਹ ਦੋ ਬੇੜੀਆਂ ਵਿੱਚ ਲੱਤਾਂ ਹਨ ।
ਸ਼ਾਬਾਸ਼, ਮੈਨੂੰ ਤੇਰੇ ਪਾਸੋਂ ਇਹੋ ਉਮੀਦ ਹੈ। ਬੇਟਾ ਦੁਨੀਆਂ ਦੋ ਮੂੰਹੀ ਤਲਵਾਰ ਹੈ, ਸੋ ਆਪਣੇ ਮਤਲਬ ਨਾਲ ਮਤਲਬ ਰੱਖ। ਜਿੰਨਾ ਪੱਕਾ ਰਹੇਂਗਾ ਓਨਾ ਹੀ ਫ਼ਾਇਦਾ ਉਠਾਏਂਗਾ।