ਇੱਥੇ ਤਾਂ ਚਲੋ-ਚਲਾਈ ਹੀ ਹੈ । ਜੋ ਆਂਦਾ ਹੈ ਸੋ ਖ਼ਰਚ ਹੋ ਜਾਂਦਾ ਹੈ, 'ਜਿਹਾ ਡੱਡਾ ਪਿਆ, ਤਿਹਾ ਚਿੜੀਆਂ ਚੁੱਗ ਗਈਆਂ।
'ਜਿਹਾ ਤੇਰਾ ਲੂਣ ਪਾਣੀ, ਤਿਹਾ ਮੇਰਾ ਕੰਮ ਜਾਣੀ' ਕੰਮ ਦੇਖਣਾ ਹੈ ਤਾਂ ਢਿੱਡ ਭਰਨ ਨੂੰ ਪਹਿਲਾਂ ਰੋਟੀ ਪੂਰੀ ਦਿਉ।
ਭਰਾ ਛੱਡ ਹੁਣ, ਐਵੇਂ ਸ਼ਾਮ ਤੱਕ ਫਿਰਨ ਨਾਲ ਕੁਝ ਬਹੁਤਾ ਢਿੱਡ ਤਾਂ ਭਰ ਨਹੀਂ ਜਾਣਾ। 'ਜਿਹਾ ਥੋੜਾ ਵੇਖਿਆ, ਤਿਹਾ ਬਹੁਤਾ।
ਇਨ੍ਹਾਂ ਵੱਡਿਆਂ ਲੋਕਾਂ ਦੀਆਂ ਕੀ ਗੱਲਾਂ ਕਰਦੇ ਹੋ । ਤਨਖਾਹ ਜ਼ਿਆਦਾ ਹੈ ਤਾਂ ਖਰਚ ਭੀ ਬਥੇਰਾ ਹੈ । 'ਜਿਹਾ ਦਾਣਾ ਪਿਆ ਤਿਵੇਹਾ ਘੁੱਘੂ ਚੁਗ ਗਿਆ' ਵਾਲੀ ਗੱਲ ਹੈ ਇਨ੍ਹਾਂ ਲੋਕਾਂ ਨਾਲ।
ਜਿਹਾ ਦੁੱਧ, ਤੇਹੀ ਬੁੱਧ' ਪਿਉ ਤੇ ਕਿਉਂ ਨਾ ਜਾਇ ਭਲਾ ?
ਮਹੰਤ ਜੀ, ਜਿਹੋ ਜਿਹਾ ਮਨੁੱਖ ਤੁਸਾਡੇ ਪਾਸ ਆਉਂਦਾ ਹੈ, ਤੁਸੀਂ ਓਹੋ ਜਿਹਾ ਉਸ ਨਾਲ ਸਲੂਕ ਕਰਦੇ ਹੋ। 'ਜਿਹਾ ਦੇਵਤਾ, ਤਿਹੀ ਪੂਜਾ' ਵਾਲਾ ਹੀ ਤੁਸਾਡਾ ਹਿਸਾਬ ਹੈ।
ਜਿਹਾ ਬੀਜੀਏ ਵਾਰਸਾ ਵੱਢ ਲਈਏ, ਹਰਫ ਵਿੱਚ ਹਦੀਸ ਦੇ ਆਇਆ ਈ ।
ਜਿਹਾ ਵੇਖਿਆ ਚਾਟੀਵਿੰਡ ਤਿਹਾ ਹੋਊ ਅਗਲਾ ਪਿੰਡ', ਹੋਰ ਕੀ ਵੇਖ ਕੇ ਲੈਣਾ। ਜੋ ਵੇਖ ਲਿਆ ਏਨਾ ਹੀ ਪਚ ਜਾਏ ਕਾਫੀ ਹੈ।
ਧਰਮ ਦੇਵ-ਜਿਹੋ ਜਿਹਾ ਰਾਮ ਮੱਲ ਆਪ ਸੀ, ਉਹੋ ਜਿਹੇ ਉਸ ਨੂੰ ਸਾਥੀ ਵੀ ਆ ਮਿਲੇ, ਜਿਹੀ ਸੀਤਲਾ ਦੇਵੀ ਤਿਹਾ ਖੋਤੇ ਦਾ ਵਾਹਣ ਵਾਲੀ ਗੱਲ ਹੈ ਉਸ ਨਾਲ।
ਮਾਤਾ-ਪੁੱਤਰ ! ਤੇਰੀ ਭੈਣ ਨੂੰ ਕਈ ਵਾਰੀ ਸਿੱਖ ਮਤ ਦਿੱਤੀ ਹੈ ਕਿ ਛੁੱਟੀ ਹੋਣ ਤੇ ਸਿੱਧੀ ਘਰ ਆਇਆ ਕਰ ਤੇ ਵਿਹਲੀਆਂ ਕੁੜੀਆਂ ਪਾਸ ਬਹਿ ਕੇ ਸਮਾਂ ਨਾ ਗਵਾਇਆ ਕਰ, ਕਿਉਂ ਕਿ 'ਜਿਹੀ ਸੰਗਤ ਤਿਹਾ ਫਲ ਹੁੰਦਾ ਹੈ। ਪਰ ਇਹ ਇਸ ਗੱਲ ਨੂੰ ਚੇਤੇ ਨਹੀਂ ਰਖਦੀ।
ਜੇਹਾ ਥੀਜੈ ਸੋ ਲੁਣੈ, ਸਮੇ ਬਿਨਾ ਫਲ ਹਥਿ ਨ ਆਵੈ । ਹੁਕਮੇ ਅੰਦਰ ਸਭ ਕੋ, ਮੰਨੇ ਹੁਕਮ ਸੋ ਸਹਜ ਸਮਾਵੈ ।
'ਜਿਹੀ ਕੋਕੋ ਤਿਹੇ ਬੱਚੇ', ਰਾਮ ਦੀ ਮਾਂ ਝੂਠ ਨੂੰ ਬਹੁਤ ਬੁਰਾ ਸਮਝਦੀ ਸੀ ਤਾਹੀਂਉਂ ਰਾਮ ਭੀ ਝੂਠ ਨਹੀਂ ਬੋਲਦਾ।