ਜਾਉ, ਉਇ ਜਾਉ, ਹਰੜਕਟਿਓ ਵਿਹਲੜੋ, ਨਹੀਂ ਦੇਂਦਾ ਮੈਂ ਕਿਸੇ ਮੰਗਤੇ ਨੂੰ ਦਾਨ ਦੂਨ । 'ਜਿਤਨਾ ਦਿਆਂ ਮੰਗਤਿਆਂ, ਜੇ ਇਤਨਾ ਘਤਾਂ ਵਾਤ, ਸੁਖੱਲੀ ਲੰਘੇ ਰਾਤ ।’
ਤੂੰ ਅਪਣੇ ਵਿਤ ਵਿੱਚ ਰਿਹਾ ਕਰ, ਨਹੀਂ ਤਾਂ ਔਖਾ ਹੋਵੇਂਗਾ। ਜਿਤਨੀ ਚਾਦਰ ਹੋਵੇ, ਉਤਨੇ ਹੀ ਪੈਰ ਪਸਾਰੋ।
ਫਸਲ ਉਸ ਦੀ ਅੱਛੀ ਹੈ, ਮਿਹਨਤ ਜੁ ਕਰਦਾ ਹੋਇਆ । ਸਿਆਣਿਆਂ ਆਖਿਆ ਹੈ ਜਿਤਨੀ ਮਿਹਨਤ ਉਤਨਾ ਫਲ।
ਜਿਤਨੀ ਚੰਗੀ ਪੈਲੀ ਵਾਹੋ, ਉਤਨੀ ਹੀ ਫ਼ਸਲ ਚੰਗੀ ਹੁੰਦੀ ਹੈ। 'ਜਿਤਨੀ ਵਾਹ, ਉਤਨੀ ਗਾਹ' ਸਿਆਣਿਆਂ ਨੇ ਐਵੇਂ ਨਹੀਂ ਜੇ ਆਖਿਆ ।
ਗ਼ਰੀਬ ਮਜੂਰ ਰਾਤ ਨੂੰ ਲੰਮੀਆਂ ਤਾਣ ਸੌਂਦੇ ਹਨ ਪਰ ਕਾਰਖਾਨੇ ਵਾਲੇ ਨੂੰ ਨੀਂਦ ਵੀ ਨਹੀਂ ਆਂਦੀ। ਹਰ ਵੇਲੇ ਚਿੰਤਾ ਹੀ ਲੱਗੀ ਰਹਿੰਦੀ ਹੈ । ਠੀਕ ਹੈ ਜਿਤਨੇ ਸਿਰ ਉਤਨੀਆਂ ਪੀੜਾਂ।
ਮਨ- ਸਾਨੂੰ ਇਹ ਵੀ ਪਤਾ ਲਗ ਗਿਆ ਏ ਕਿ ਜਿਸ ਕੰਮ ਵਿਚ ਜੱਟਾਂ ਦਾ ਪੈਸਾ ਲੱਗੇ, ਉਸ ਵਿਚ ਹੀ ਦਿਲਚਸਪੀ ਲੈਂਦੇ ਹਨ। ਜਿੱਥੇ ਉਨ੍ਹਾਂ ਦਾ ਪੈਸਾ, ਉੱਥੇ ਉਨ੍ਹਾਂ ਦਾ ਦਿਲ । ਹੁਣ ਅਸੀਂ ਬੜੀ ਛੇਤੀ ਚੌਵੀਂ ਹਾਰਸ ਪਾਵਰ ਦਾ ਆਇਲ ਇੰਜਨ ਖਰੀਦ ਕੇ ਸ਼ਾਮਲਾਟ ਵਿਚ ਲਾ ਰਹੇ ਹਾਂ।
‘ਜਿਥੇ ਆਸਾ ਤਿਥੇ ਵਾਸਾ'। ਜਿੱਥੇ ਮੈਨੂੰ ਹਰ ਵੇਲੇ ਖੇਦ ਪੁੱਜੇ, ਉੱਥੇ ਕੀ ਰਹਿਣਾ ਹੋਇਆ ?
ਜਠਾਣੀ-ਸ਼ਕੁੰਤਲਾ, ਤਾਰੋ ਜੱਟੀ ਬਿਨਾਂ ਕਿਹੜਾ ਗੱਲ ਅੜੀ ਖੜੋਤੀ ਹੈ ? ਕੀ ਤੁਸਾਡੀ ਵਿਚਾਰ ਹੈ ਕਿ 'ਜਿੱਥੇ ਇਹ ਨਹੀਂ ਉਥੇ ਕੁਕੜ ਬਾਂਗ ਨਹੀਂ ਦੇਂਦੇ ? ਇਹ ਨਿਰਾ ਵਹਿਮ ਜੇ ।
ਦੇਵਿੰਦ੍ਰ ਘਰ ਦੇ ਦੁੱਖੋਂ ਨੱਠ ਕੇ ਪ੍ਰਦੇਸ ਗਿਆ, ਪਰ ਉੱਥੇ ਵੀ ਉਸਦਾ ਮੰਦਾ ਹੀ ਹਾਲ ਹੈ। ਤਦ ਉਸਦੀ ਮਾਤਾ ਨੇ ਕਿਹਾ- ਜਿਥੇ ਸਾਡੀ ਭਾਗੋ ਜਾਵੇ, ਉਥੇ ਭਾਗ ਪਰੇਰੇ।
ਹੋ ਲੈਣ ਦਿਉ ਖ਼ਰਚ। ਵਿਆਹ ਸ਼ਾਦੀ ਵਿੱਚ ਇਵੇਂ ਹੀ ਹੁੰਦਾ ਹੈ। ਜਿੱਥੇ ਸੌ, ਉੱਥੇ ਇਕੱਤ੍ਰ ਸੌ।
ਸੁਦਰਸ਼ਨ - ਅੜੀਏ ! ਨਿਹੋਰੇ ਦੀ ਕਿਹੜੀ ਗੱਲ ਹੈ ? 'ਜਿੱਥੇ ਗੁੜ ਉੱਥੇ ਮੱਖੀਆਂ” ਸੁੰਦਰਤਾ ਤੇ ਜਵਾਨੀ ਨੇ ਕਈਆਂ ਨੂੰ ਤੇਰੇ ਵੱਲ ਖਿੱਚਣਾ ਹੀ ਸੀ।
ਹਿੰਮਤ ਅੱਗੇ ਵੱਡੀ ਤੋਂ ਵੱਡੀ ਔਕੜ ਵੀ ਸਰ ਹੋ ਜਾਂਦੀ ਹੈ। ਜਿੱਥੇ ਚਾਹ ਉੱਥੇ ਰਾਹ।