ਰਾਣੀ ਜੀ-ਬੜੇ ਹੀਲੇ ਕੀਤੇ,ਪਰ ਕੰਮ ਸਿਰੇ ਨਾ ਹੀ ਚੜ੍ਹਿਆ। ‘ਤਕਦੀਰ ਅੱਗੇ ਤਦਬੀਰ ਕੀ ਆਖ ਵਾਲੀ ਗੱਲ ਬਣੀ।
ਜਿਸ ਤਰ੍ਹਾਂ ਸੌਕਣ ਦੇ ਕਾਰਿਆਂ ਦਾ ਸ਼ਿਕਾਰ ਹੋ ਕੇ ਉਹ ਤਖਤੋਂ ਚੁੱਕ ਕੇ ਤਖਤੇ ਤੇ ਸੁੱਟ ਦਿੱਤੀ ਗਈ ਸੀ, ਇਸ ਦਾ ਉਸ ਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ।
ਰਾਮ ਸਿੰਘ :-- ਅੱਜ ਕੱਲ ਸਰਦਾਰ ਦੀ ਬੜੀ ਗੁੱਡੀ ਚੜ੍ਹੀ ਹੋਈ ਹੈ। ਇੱਕ ਨੇ ਕਿਹਾ, ''ਚੜ੍ਹੇ ਵੀ ਕਿਉਂ ਨਾ । 'ਤਖ਼ਤ ਬਹੇ ਤਖ਼ਤੇ ਕੀ ਲਾਇਕ"।
ਬਾਬਾ- ਯਾਰ ! ਤੂੰ ਬੜਾ ਉਤਾਵਲਾ ਹੈ। ਰਤੀ ਠਹਿਰ ਜਾ। ਕੋਈ ਮੂੰਹ ਦੀ ਬੁਰਕੀ ਹੈ । ਸਬਰ ਤਾਂ ਕਰ ‘ਤੱਤਾ ਖਾਧਿਆਂ ਮੂੰਹ ਸੜਦਾ ਹੈ।'
ਰਾਜਾ- ਮੰਤਰੀ ਜੀ ! ਬੇਪਰਵਾਹੀ ਉੱਕੀ ਨਹੀਂ ਕਰਨੀ, ਵੈਰੀ ਤੋਂ ਸਦਾ ਸੁਚੇਤ ਰਹਿਣਾ ਹੈ, ਚੇਤਾ ਰੱਖੋ ‘ਤੱਤਾ ਪਾਣੀ ਵੀ ਅੱਗ ਬੁਝਾ ਦੇਂਦਾ ਹੈ'।
ਰਾਜ ਦੂਤ-ਜੋ ਧੋਖਾ ਪਿਛਲੀ ਵਾਰ ਪ੍ਰਧਾਨ ਜੀ ਨੇ ਖਾਧਾ ਉਸ ਨੇ ਉਨ੍ਹਾਂ ਦੇ ਅੰਦਰ ਚੰਗੀ ਤੋਂ ਚੰਗੀ ਵੀਚਾਰ ਲਈ ਵੀ ਸ਼ੱਕ ਪੈਦਾ ਕਰ ਦਿੱਤੇ ਹਨ। ਉਨ੍ਹਾਂ ਦੇ ਮਨ ਦਾ ਤਾਂ ਇਹ ਹਾਲ ਹੈ ਕਿ 'ਤੱਤੇ ਦੁੱਧ ਨਾਲ ਮੂੰਹ ਸਾੜੇ, ਲੱਸੀ ਨੂੰ ਵੀ ਫੂਕਾਂ ਮਾਰੇ'।
ਮਹਾਤਮਾ ਸ਼ਾਹ ਜੀ ! ਚਿੰਤਾ ਨਾ ਕਰੋ ਦਾਨ ਦਿੱਤਿਆਂ ਧਨ ਨਹੀਂ ਘਟਦਾ। ਤੱਤੇ ਪਾਣੀ ਨਾਲ ਘਰ ਨਹੀਂ ਜਲਦੇ।
ਸਿੰਘ ਸਾਹਿਬ ਦਮਾਂ ਦੇ ਗਾਹੜੇ ਕੁਝ ਕੁ ਥੱਕੇ ਤਾਂ ਸਹੀ, ਪਰ ਇਹ ਗੱਲ ਵਿਚਾਰ ਕੇ ਕਿ ਤੱਤੇ ਲੋਹੇ ਨੂੰ ਲਾਈ ਹੋਈ ਸੱਟ ਕੰਮ ਕਰਦੀ ਹੈ, ਠਰ ਜਾਏ ਤਾਂ ਵਿਅਰਥ। ਫੇਰ ਆਪਣੀ ਬਾਤ ਚੀਤ ਨੂੰ ਛੇੜ ਬੈਠੇ ।
ਮਹਾਰਾਜ ਨਿਆਂ ਤੋਂ ਕੰਮ ਲਵੋ। ਨਿਰਾ ਰਾਜਾ ਹੋਣ ਦਾ ਅਭਿਮਾਨ ਨਾ ਕਰੋ । ਸਿਆਣਿਆਂ ਨੇ ਸੱਚ ਕਿਹਾ ਜੇ, 'ਤਪੋਂ ਰਾਜ ਰਾਜੋਂ ਨਰਕ।'
ਜਦੋਂ ਇਕ ਕੁੜੀ ਨੂੰ ਪਤੀ ਨੇ ਡਰਾਇਆ ਧਮਕਾਇਆ ਤਾਂ ਗ਼ਜ਼ਬ ਵਿੱਚ ਆ ਕੇ ਉਹਨੇ ਪਤੀ ਨੂੰ ਡਾਢਾ ਮਿਹਣਾ ਮਾਰਿਆ :- ਤਰ ਗਏ ਜਣੇਂਦੇ, ਅਖੀਂ ਨੂਟ ਕੇ ਲਾਵਾਂ ਦੇਂਦੇ ।
ਬਸ ਸਭ ਕੁਝ ਠੀਕ ਹੈ, ਕਿਉਂਕਿ ਸਭ ਕੁਝ ਗਲਤ ਹੈ। ਇਹੋ ਸੋਚ ਕੇ ਉਸ ਨੇ ਇਸ ਵੇਲੇ ਬਿਨਾਂ ਚੱਪੂ ਤੇ ਆਪਣੀ ਬੇੜੀ ਛੱਡ ਦਿਤੀ । ‘ਤੁਰਦੀ ਹੈ ਤਾਂ ਤੁਰੇ, ਡੁਬਦੀ ਹੈ ਤਾਂ ਡੁਬੇ ।
ਨੀ ਕੁੜੀਏ, ਇਹ ਕੀ ਰੌਲਾ ਪਾਇਆ ਹੋਇਆ ਈ, ਖਾਹ ਮਖਾਹ ਦਾ ? ‘ਤਰਾਟਾਂ ਵੱਡੀਆਂ ਤੇ ਵਿੱਚ ਖੈਰ । ਕੋਈ ਗੱਲ ਹੋਵੇ ਤਾਂ ਰੋਣਾ ਵੀ ਚੰਗਾ ਲਗਦਾ ਹੈ। ਸਮਝ ਨਾਲ ਕੁਝ ਕੰਮ ਲਿਆ ਕਰ।