ਘਬਰਾਉਣ ਦੀ ਕੀ ਲੋੜ ਹੈ; ਅੱਜ ਕੱਲ ਤਾਂ ਕੰਮ ਕਰਵਾਉਣਾ ਬੜਾ ਸੌਖਾ ਹੈ, 'ਦੇ ਵਢੀ ਤੇ ਕੰਮ ਕਢੀ' ਵਾਲਾ ਹਿਸਾਬ ਹੈ।
ਵਾਹ ਬਈ ਵਾਹ ! ਨਾਲੇ ਕੁੜੀ ਵਿਆਹ ਲਿਆਂਦੀ ਨਾਲੇ ਰਿਆਸਤ ਸਾਂਭ ਲਈ । ਨਾਲੇ ‘ਦੇਵੀ ਦੇ ਦਰਸ਼ਨ ਨਾਲੇ ਮੁੰਜ ਬਗੜ ਦਾ ਸੌਦਾ।
ਸਖ਼ਾਵਤ ਕਰਨ ਨਾਲ ਅੱਗਾ ਸੌਰਦਾ ਹੈ 'ਦੈਹ ਦੁਨੀਆਂ ਤੇ ਸਤਰ ਆਖਿਰ’।
ਰੋਸ਼ਨ ਲਾਲ-ਯਾਰ ਫਿਰ 'ਦੋਸਤੀ ਨਾ ਹੋਈ ਛੋਲਿਆਂ ਦਾ ਵੱਢ' ਹੋਇਆ ਕਿ ਭਲਾ ਦੋਸਤਾਂ ਤੋਂ ਵੀ ਕੋਈ ਗੱਲ ਲੁਕਾਈਦੀ ਏ ? ਅਸੀਂ ਤਾਂ ਫਿਰ ਐਵੇਂ ਹੀ ਆਪਣੀਆਂ ਜਾਨਾਂ ਵਾਰਨ ਦੇ ਦਾਈਏ ਬੰਨ੍ਹਦੇ ਫਿਰਦੇ ਆਂ ।
ਭੈਣ ! ਇਹ ਗੱਲ ਚੰਗੀ ਨਹੀਂ । ਤੁਸੀਂ ਪਲਿਉਂ ਤਾਂ ਨਾਂ ਮਾਤਰ ਹੀ ਖਰਚ ਕੀਤਾ ਹੈ । ਹਿੱਸਾ ਪੂਰਾ ਕਿਹੜੀ ਗੱਲ ਦਾ ਮੰਗਦੇ ਹੋ ? ਤੁਸਾਡੀ ਤਾਂ ਇਹ ਗੱਲ ਹੈ ਅਖੇ 'ਦੋਹਾਂ ਭੈਣਾਂ ਇੱਕੀ ਪਾਈ'।
ਅਸੀਂ ਇਹ ਨਹੀਂ ਮੰਨਦੇ ਕਿ ਕਸੂਰ ਸਿਰਫ ਉਸੇ ਦਾ ਹੈ। 'ਦੋਹੀਂ ਹੱਥੀਂ ਤਾੜੀ ਨਹੀਂ ਵੱਜਦੀ।'
ਬਹੁਤੇ ਲੋਕਾਂ ਦੀ ਝਾਕ ਨਾ ਰੱਖੋ । ਕਿਸੇ ਇੱਕ ਦਾ ਲੜ ਫੜੋ । ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਏਂ ।
ਤੁਸੀਂ ਸੁਣਿਆਂ ਨਹੀਂ ਜੇ 'ਦੋ ਡੂੰਮਾਂ ਵਿਚ ਢੱਡ ਨਹੀਂ ਵਜਦੀ।' ਉਹ ਦੋਵੇਂ ਆਪੋ ਵਿੱਚ ਭਲਾ ਕਿਵੇਂ ਰਲ ਬਹਿੰਦੇ।
ਦੂਤ-ਦੀਵਾਨ ਜੀ, ਵੈਰੀ ਇਕ ਵੀ ਮਾੜਾ ਹੁੰਦਾ ਹੈ। ਸਿਆਣਿਆਂ ਦਾ ਕਿਹਾ ਹੈ ਕਿ ‘ਦੋ ਤਾਂ ਮਿੱਟੀ ਦੇ ਵੀ ਬੁਰੇ"। ਸੋ ਮਹਾਰਾਜ ਨੂੰ ਸਲਾਹ ਦੇਵੋ ਕਿ ਹੁਸ਼ਿਆਰੀ ਨਾਲ ਕੰਮ ਲੈਣ।
ਦੋ ਤੇ ਦੋ ਚਾਰ ਹੋਣ ਦੀ ਅਸਲੀਅਤ ਵਾਂਗ ਮੈਨੂੰ ਦਿਸ ਪਿਆ ਕਿ ਸਾਡੀ ਵਰਤਮਾਨ ਸਰਕਾਰ, ਬੇਵਤਨ ਤੇ ਬੇਘਰ ਲੋਕਾਂ ਲਈ ਨਾ ਅੱਜ ਤੇ ਨਾ ਕੱਲ ਕੁਝ ਕਰ ਸਕੇਗੀ।
ਕੁੱਝ ਦਿਨ ਤਾਂ ਤੁਸਾਡੇ ਚੰਗੇ ਨਿਭਦੇ ਹਨ, ਪਰ ਫਿਰ ਗੁੱਥਮ ਗੁੱਥਾ ਹੋ ਪੈਂਦੇ ਹੋ। ‘ਦੋ ਦਿਨ ਸ਼ੌਕ ਦੇ, ਮੁੜ ਉਹੀ ਕੁੱਤੇ ਭੌਂਕਦੇ' ਇਹ ਆਦਤ ਚੰਗੀ ਨਹੀਂ।
ਇਹ ਤਾਂ ਪਤਾ ਹੀ ਸੀ ਕਿ ਜਿਨ੍ਹਾਂ ਨੂੰ ਤੁਸੀਂ ਕੰਮ ਸੌਂਪਿਆ ਹੈ। ਉਹ ਵਿਗਾੜ ਦੇਣਗੇ । ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਦੋ ਮੁੱਲਾਂ ਵਿੱਚ ਕੁਕੜੀ ਹਰਾਮ' ਦੋਵੇਂ ਤੁਹਾਡੇ ਮਿੱਤਰ ਲਾਲਚੀ ਹਨ।