ਸ਼ਕੁੰਤਲਾ - ਭਰਜਾਈ ਜੀ ! ਛੱਡੋ ਪਰੇ ਰਾਮ ਨਾਥ ਆਪਣਾ ਮਤਲਬ ਕੱਢਣ ਲਈ ਬੜਾ ਸਿਆਣਾ ਜੇ, ਉਸ ਦੀ ਤਾਂ ‘ਰੋਟੀ ਲੇਖੇ ਦਾਲ ਭੁਲੇਖੇ' ਵਾਲੀ ਗੱਲ ਜੇ।
ਸ਼ਾਹ ! ਮੈਨੂੰ ਨਾ ਡਰਾ । ਅਖੇ 'ਰੋਡੇ ਸਿਰ ਨਾ ਜੂੰ ਨਾ ਲੀਖ' ਜੋ ਜੀਅ ਆਵੇ ਕਰ ਲੈ । ਮੇਰੇ ਪਾਸ ਕੀ ਹੈ, ਜੋ ਤੂੰ ਕੁਰਕ ਕਰਵਾ ਲਏਂਗਾ ?
ਭੈਣ ਜੀ, ਮੈਂ ਬੜੀ ਮਿਹਨਤ ਕੀਤੀ, ਨਾ ਦਿਨ ਡਿੱਠਾ ਨਾ ਰਾਤ, ਪਰ ਕੰਮ ਸਿਰੇ ਨਾ ਹੀ ਚੜਿਆ। ਅਖੇ 'ਰੋ ਰੋ ਮੋਈ ਸਹੁਰੇ ਭੀ ਨਾ ਗਈ' ਵਾਲਾ ਮੇਰਾ ਹਾਲ ਜੇ।
ਹੁੰਦੇ ਸੁੰਦੇ ਕੌਣ ਉਦਾਸ ਤੇ ਦੁਖੀ ਹੁੰਦਾ ਹੈ ? ਮੇਰਾ ਤਾਂ ਉਹ ਹਾਲ ਹੈ ਅਖੇ 'ਰੋਂਦਾ ਕਿਉਂ ਏਂ ? ਥਾਲੀ ਵਿੱਚ ਕੁਝ ਨਹੀਂ।'
ਉਸ ਪਾਸੋਂ ਹੋਰ ਬਦੋ ਬਦੀ ਕੰਮ ਕਰਵਾਓ, ਉਹ ਕੰਮ ਦਾ ਨਾਸ ਮਾਰ ਦੇਵੇਗਾ। ਤੁਸਾਨੂੰ ਪਤਾ ਹੀ ਹੈ ਅਖੇ 'ਰੋਂਦਾ ਘੋੜੇ ਚੜ੍ਹਾਈਏ, ਹਗ ਪਲਾਣ ਭਰੇ।'
ਇਸ ਨੂੰ ਕਦੀ ਖੁਸ਼ ਡਿੱਠਾ ਵੀ ਜੇ ? ਹਰ ਵੇਲੇ ਅਖੇ 'ਰੋਂਦੇ ਕਿਉਂ ਹੋ ? ਸ਼ਕਲ ਹੀ ਐਸੀ ਹੈ' ਬਿਨ ਕਾਰਨ ਹੀ ਕੋਈ ਸੜਿਆ ਰਹੇ ਤਾਂ ਉਸ ਦਾ ਕੀ ਇਲਾਜ ?
ਮਕਾਨ ਤਾਂ ਪਸੰਦ ਹੈ, ਪਰ ਮੈਨੂੰ ਵੀ ਲੋੜ ਹੈ । ਭੋਲਾ ਸਿੰਘ ਨੂੰ ਕੀ ਆਖਾਂਗਾ ? ਮੇਰਾ ਤਾਂ ਇਹ ਹਾਲ ਹੈ ਅਖੇ 'ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ।'
ਇਸਨੂੰ ਕੀਹਦੀ ਲੱਜ ਸ਼ਰਮ ਹੈ ਜੋ ਚੁੱਪ ਕਰਕੇ ਸਹਿ ਜਾਂਦੀ। 'ਰੰਡੀ ਪਾਵੇ ਭੰਡੀ' ਇਸ ਨੇ ਵੀ ਓਹੀ ਕੰਮ ਕੀਤਾ।
ਕੌਣ ਜਾਣੇ ਪੀੜ ਪਰਾਈ ? ਹਰ ਕਿਸੇ ਨੂੰ ਆਪੋ ਆਪਣੀ ਪਈ ਹੈ । ਅਖੇ 'ਰੰਨ ਗਈ ਸਿਆਪੇ ਦੁਖ ਰੋਵੇ ਆਪੋ ਆਪੇ।'
ਸ਼ੀਲਾ, ਉਸ ਦੰਭੀ ਗਿਆਨਣ ਦੀ ਕਥਾ ਬੰਦ ਕਰ। ਉਸ ਦਾ ਹੀ ਦਿਖਾਵਾ ਹੈ ਤੇ ਅੰਦਰ ਮੈਲ ਹੀ ਮੈਲ ਹੈ। 'ਰੰਨ ਗਿਆਨਣ, ਭੇਡ ਇਸਨਾਨਣ, ਲੋਈ ਖੁੰਬ ਨਾ ਹੋਈ' ਕਦੀ ਇਹੋ ਜਿਹੀਆਂ ਕਮਜ਼ਾਤਾਂ ਵੀ ਪਾਠ ਪੂਜਾ ਨਾਲ ਭਰੀਆਂ ਹਨ ?
ਜਿਸ ਘਰ ਨੂੰ ਤ੍ਰੀਮਤ ਨੇ ਬੜੀ ਸੁਘੜਤਾ ਨਾਲ ਸੰਭਾਲਿਆ ਹੋਵੇ, ਉਸ ਨੂੰ ਮਰਦ ਕਹੀ ਨਾਲ ਭੀ ਢਾਹ ਨਹੀਂ ਸਕਦਾ। ਇਸ ਉੱਤੇ ਪੰਜਾਬੀ ਦਾ ਅਖਾਣ ਹੈ, 'ਰੰਨ ਜੱਟੀ ਹੋਰ ਸਭ ਚੱਟੀ।'
ਹੀਰੇ ਨੂੰ ਹੀਰਾ ਕਟਦਾ ਹੈ, ਲੋਹੇ ਨੂੰ ਲੋਹਾ। “ਰੰਨ ਨੂੰ ਰੰਨ ਛਲੇ, ਉਹਦੇ ਕੋਲੋਂ ਖੁਦਾ ਡਰੇ।"