ਰੇਸ਼ਮਾ ਦਾ ਕੰਨਾਂ ਤੀਕ ਮੂੰਹ ਪਾਟਿਆ ਹੋਇਆ ਹੈ। ਬੋਲਣ ਵੇਲੇ ਅੱਗਾ ਪਿੱਛਾ ਨਹੀਂ ਦੇਖਦੀ।
ਉਸ ਨੇ ਝਗੜਾ ਕਰ ਕੇ ਮੇਰੀ ਸਾਰੀ ਕੀਤੀ ਨੂੰ ਖੂਹ ਵਿੱਚ ਪਾ ਦਿੱਤਾ।
ਜਦੋਂ ਹੁਕਮਰਾਨ ਪਾਰਟੀ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਕਿਸੇ ਕਾਰਨ ਜੇਲ੍ਹਾਂ ਵਿੱਚ ਬੰਦ ਕਰ ਦੇਵੇ, ਤਾਂ ਉਹ ਲੋਕਾਂ ਦੇ ਨਾਇਕ ਬਣ ਕੇ ਨਿਕਲਦੇ ਹਨ । ਇਸ ਤਰ੍ਹਾਂ ਕੁੱਬੇ ਨੂੰ ਲੱਤ ਰਾਸ ਆ ਜਾਂਦੀ ਹੈ।
ਹਰਨਾਮ ਕੌਰ ਦੀਆਂ ਈਰਖਾ ਭਰੀਆਂ ਗੱਲਾਂ ਨਾਲ ਮੇਰਾ ਕਲੇਜਾ ਵਿੰਨ੍ਹਿਆ ਗਿਆ ।
ਸਭਾ ਦੀ ਮੀਟਿੰਗ ਵਿੱਚ ਕੋਈ ਕਿਸੇ ਦੀ ਗੱਲ ਹੀ ਨਹੀਂ ਸੀ ਸੁਣ ਰਿਹਾ, ਬੱਸ ਕਾਂਵਾਂ ਰੌਲ਼ੀ ਹੀ ਪਈ ਹੋਈ ਸੀ।
ਦਰਾਣੀ ਨੇ ਜਿਠਾਣੀ ਨੂੰ ਕਿਹਾ ਕਿ ਅੱਜ ਤੂੰ ਮੇਰੀ ਬਦਨਾਮੀ ਕਰਾਈ ਹੈ। ਕੱਲ੍ਹ ਮੈਂ ਵੀ ਤੈਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾ ਕੇ ਛੱਡਾਂਗੀ ।
ਮੇਰੇ ਮੂੰਹੋਂ ਖਰੀਆਂ-ਖਰੀਆਂ ਸੁਣ ਕੇ ਉਹ ਕੱਪੜਿਆਂ ਤੋਂ ਬਾਹਰ ਹੋ ਗਈ।
ਅਸੀਂ ਆਪਣੇ ਮਾਸਟਰ ਜੀ ਦੇ ਕਦਮਾਂ ਹੇਠ ਅੱਖਾਂ ਵਿਛਾਉਂਦੇ ਹਾਂ।
ਜਦੋਂ ਉਹ ਝੂਠ ਬੋਲ ਰਿਹਾ ਸੀ, ਤਾਂ ਮੈਂ ਕੰਨਾਂ ਵਿੱਚ ਉਂਗਲਾਂ ਦੇ ਲਈਆਂ ।
ਜਦੋਂ ਸ਼ਾਹ ਨੂੰ ਮੈਂ ਸਾਰਾ ਕਰਜ਼ਾ ਵਾਪਸ ਕਰ ਦਿੱਤਾ, ਤਾਂ ਉਸ ਨੇ ਮੇਰੇ ਹਿਸਾਬ ਉੱਪਰ ਕਲਮ ਫੇਰ ਦਿੱਤੀ।
ਇਸ ਮੁਕੱਦਮੇ ਵਿੱਚ ਸਾਡਾ ਕੰਘਾ ਹੋ ਗਿਆ ਹੈ, ਅਜੇ ਪਤਾ ਨਹੀਂ ਇਹ ਕਿੰਨਾ ਚਿਰ ਚਲਦਾ ਰਹੇਗਾ ।
ਜਦੋਂ ਦੀਆਂ ਮੇਰੇ ਛੋਟੇ ਪੁੱਤਰ ਨੇ ਮੈਨੂੰ ਗਾਲ਼ਾਂ ਕੱਢੀਆਂ ਹਨ, ਉਦੋਂ ਤੋਂ ਮੇਰੇ ਕਲੇਜੇ ਭਾਂਬੜ ਬਲ ਰਿਹਾ ਹੈ।