ਮੈਂ ਸੋਚਿਆ ਕਿ ਇਸ ਤਰ੍ਹਾਂ ਗੁਜਾਰਾ ਨਹੀਂ ਹੋਵੇਗਾ, ਜੇ ਇਵੇਂ ਹੀ ਸਾੜ੍ਹ-ਸਤੀ ਨੇ ਤੰਗ ਕਰੀ ਰੱਖਿਆ, ਤਾਂ ਮੈਂ ਲੁੱਟਿਆ ਪੁੱਟਿਆ ਜਾਵਾਂਗਾ। ਸੋਚ ਫੁਰੀ ਕਿ ਇੱਕ ਫੋਟੋ ਉਤੇ ਲਿਖ ਕੇ ਲਾ ਦਿਆਂ, 'ਬਿਨਾਂ ਆਗਿਆ ਅੰਦਰ ਆਉਣਾ ਮਨਾਂ ਹੈ, ਇਹ ਪੜ੍ਹ ਕੇ ਸਾੜ੍ਹ-ਸਤੀ ਆਪੇ ਬੂਹੇ ਤੋਂ ਬਾਹਰ ਹੀ ਖਲੋਤੀ ਰਹੇਗੀ। ਉਸੇ ਵੇਲੇ ਇੱਕ ਗੱਤਾ ਲਿਆ ਤੇ ਲਿਖਣਾ ਸ਼ੁਰੂ ਕਰ ਦਿੱਤਾ। ਅਜੇ 'ਬਿਨਾਂ' ਦਾ ਲਫ਼ਜ਼ ਲਿਖਿਆ ਹੀ ਸੀ ਕਿ ਨਿੱਬ ਟੁੱਟ ਗਈ। ਨਿੱਬ ਦਾ ਟੁੱਟਣਾ ਹੀ ਸੀ ਕਿ ਮੇਰੇ ਉੱਤੇ ਇੱਕ ਰੰਗ ਆਵੇ ਤੇ ਇੱਕ ਜਾਵੇ, ਜਿਵੇਂ ਦਿਲ ਦੀ ਹਰਕਤ ਹੀ ਮੁੱਕ ਚੱਲੀ ਹੈ। ਦੋਸਤ ਬਥੇਰਾ ਧੀਰਜ ਦੇਣ ਕਿ ਕੋਈ ਫ਼ਿਕਰ ਨਾ ਕਰ, ਨਿੱਬ ਹੋਰ ਆ ਜਾਏਗੀ, ਪਰ ਮੈਂ ਉਸ ਦਿਨ ਰੋਟੀ ਨਾ ਖਾ ਸਕਿਆ।