ਮੱਖਨਾ ! ਪਰਾਈ ਜੰਞ ਤੇ ਅਹਿਮਕ ਨੱਚੇ ਵਾਲੀ ਗੱਲ ਹੈ ਤੇਰੀ ਤਾਂ, ਆਪ ਕੁਝ ਕਰਨ ਜੋਗਾ ਨਹੀਂ ਤੇ ਪਿਉ ਦਾਦੇ ਦੇ ਕੀਤੇ ਤੇ ਟਾਹਰਾਂ ਮਾਰਦਾ ਹੈ।
ਮੇਰੇ ਦੁੱਖਾਂ ਦੀ ਪੀੜ ਤੁਹਾਨੂੰ ਥੋੜੀ ਹੋਣੀ ਹੈ । ‘ਪਰਾਏ ਸਿਰ ਮੋਹਲਾ ਕਪਾਹ ਤੋਂ ਵੀ ਹੌਲਾ'। ਤੁਹਾਨੂੰ ਜੇ ਏਨੀਆਂ ਔਕੜਾਂ ਆਪ ਝੱਲਣੀਆਂ ਪੈਣ ਤਾਂ ਆਟੇ ਦਾਲ ਦਾ ਭਾ ਮਲੂਮ ਹੋ ਜਾਏ।
ਆਹੋ ਜੀ, 'ਪਰਾਏ ਹੱਥ ਵਿਚ ਹਰ ਇੱਕ ਨੂੰ ਪੇੜਾ ਮੋਟਾ ਦਿਸਦਾ ਹੈ' ਆਪ ਸਾਰੇ ਮਰੂੰ ਮਰੂੰ ਹੀ ਕਰਦੇ ਰਹਿੰਦੇ ਹਨ।
ਇੱਥੇ ਤਾਂ ‘ਪਰਾਏ ਪੀਰ ਨੂੰ ਮਲੀਦਾ, ਘਰ ਦੇ ਦੇਵ ਨੂੰ ਧਤੂਰਾ’ ਵਾਲੀ ਗੱਲ ਹੈ। ਆਪਣੇ ਬੰਦੇ ਨੂੰ ਤਾਂ ਕੋਈ ਪੁਛਦਾ ਨਹੀਂ ਭਾਵੇਂ ਕਿੰਨਾ ਹੀ ਸਿਆਣਾ ਹੋਇ ਤੇ ਦੂਜਿਆਂ ਪਿੱਛੇ ਭੱਜੇ ਫਿਰਦੇ ਹਨ ਸਾਰੇ । ਅਜੀਬ ਹੀ ਗੱਲ ਹੈ।
ਆਖਰ ਏਨੀ ਦੂਰੋਂ ਤੁਰ ਕੇ ਹੀ ਆਉਣਾ ਸੀ। ਪੈਰਾਂ ਨਾਲ ਕੋਈ ਮਸ਼ੀਨ ਥੋੜੀ ਲੱਗੀ ਹੋਈ ਸੀ । ਪਰ ਸਭਨਾਂ ਨੂੰ ਪਰਾਏ ਪੈਰੀਂ, ਕੋਹ ਵੀ ਕਦਮਾਂ ਜਿੱਡਾ ਭਾਸਦਾ ਏ'।
ਉਹ ਬੜਾ ਅਕਿਰਤਘਣ ਹੈ, ਇਤਨਾ ਕੁਝ ਆਪਣੇ ਮਾਲਕ ਪਾਸੋਂ ਖਾ ਪੀ ਕੇ ਵੀ ਉਸ ਦੀ ਕਦਰ ਨਹੀਂ ਕਰਦਾ । ਅਖੇ 'ਪਰਾਂਠਾ ਟੁਕਰ ਖਾਵਾਂ ਵਿਸਾਰਾਂ ਪੈਦਾ ਕਰੇਂਦਾ।"
ਉਸ ਨਾਲ ਗੱਲ ਕਰਕੇ ਵੇਖੀ ਹੈ ਕਿ ਦਸ ਰੁਪਏ ਇੱਥੋਂ ਚੁਕੇ ਗਏ ਹਨ। ਉਹ ਤੇ 'ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ" । ਕਹਿੰਦਾ ਹੈ ਕਿ ਮੈਂ ਤੇ ਉੱਥੇ ਗਿਆ ਹੀ ਨਹੀਂ।
ਅੱਜ ਸਿਆਣਪ ਤੇ ਵਿੱਦਿਆ ਨੂੰ ਕੌਣ ਪੁੱਛਦਾ ਹੈ ? ਜਿਸ ਨੂੰ ਜੀ ਆਇਆ ਕੁਰਸੀ ਦੇ ਦਿੱਤੀ। 'ਪਰੀਆਂ ਦੇ ਪਰ੍ਹੇ, ਭੂਤਨੇ ਪੈਂਚ।'
ਰਜਣੀ-ਮਾਂ ਜੀ, ਜਦ ਆਪ ਹੀ ਕਹਿੰਦੇ ਹੋ ਕਿ ਮਨੁੱਖਾ ਜਨਮ ਦੁਰਲਭ ਏ, ਮੁੜ ਹੱਥ ਨਹੀਂ ਆਉਂਦਾ। ਫਿਰ ਮੈਂ ਕਿਸ ਬਦਲੇ ਤੇ ਕਾਹਨੂੰ ਸੱਚ ਛੱਡਾਂ ‘ਪੱਲੇ ਹੋਵੇ ਸੱਚ ਤਾਂ ਨੰਗਾ ਹੋ ਕੇ ਨੱਚ।'
ਤੇਰਾ ਤਾਂ ਉਹ ਹਿਸਾਬ ਹੈ ਅਖੇ 'ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ'। ਆਪਣੇ ਵਿੱਤ ਅਨੁਸਾਰ ਗੱਲ ਕਰਨੀ ਚਾਹੀਦੀ ਹੈ।
ਮਕਾਨ ਕਿੱਥੋਂ ਬਣਾ ਲਵੇਂਗਾ ਚੰਡੀਗੜ੍ਹ ਵਿੱਚ, ਪੈਸਾ ਤਾਂ ਤੇਰੇ ਪਾਸ ਇਕ ਨਹੀਂ। ਅਸਲ ਵਿੱਚ ਗੱਲ ਉਹੋ ਹੋਈ ਨਾ ਅਖੇ 'ਪੱਲੇ ਨਾ ਧੇਲਾ ਕਰਦੀ ਮੇਲਾ ਮੇਲਾ ।'
ਹੁਣ ਤਾਂ ਕੰਮ ਸਿਰੇ ਚਾੜ੍ਹਨਾ ਹੀ ਪਏਗਾ, ਸੌਖਾ ਜਾਂ ਮੁਸ਼ਕਲ। 'ਪੱਲੇ ਪਿਆ ਵਿਹਾਜਣਾ, ਭਾ ਪੁਛਦੀ ਜਾ' ਵਾਲੀ ਗੱਲ ਹੈ ਹੁਣ ਤਾਂ।