ਮੇਰੀ ਧੀ ਨੂੰ ਆਪਣੀ ਦੇਹ, ਪ੍ਰਾਣ, ਜਿੰਦ ਜਾਨ ਸਮਝ ਕੇ ਰੱਖੀਂ ਤੇ ਉਹ ਵੀ ਤੇਰੇ ਪੈਰ ਧੋ ਧੋ ਪੀਊ।
ਆਪਣੇ ਪਾਸ ਹੋਣ ਦੀ ਖ਼ਬਰ ਪੜ੍ਹ ਕੇ ਉਹ ਇੰਨਾਂ ਖ਼ੁਸ਼ ਹੋਇਆ ਕਿ ਉਸਦੇ ਪੈਰ ਜ਼ਮੀਨ ਤੇ ਨਹੀਂ ਸਨ ਲੱਗਦੇ ਤੇ ਭੁੜਕ ਭੁੜਕ ਕੇ ਇਹ ਖ਼ਬਰ ਹਰ ਕਿਸੇ ਨੂੰ ਸੁਣਾ ਰਿਹਾ ਸੀ।
ਪਹਿਲਾਂ ਪਹਿਲ ਉਹ ਇੱਥੋਂ ਦੁਕਾਨ ਦੁਕ ਜਾਂਦਾ ਤੇ ਭਾਵੇਂ ਜੁਕ ਜਾਂਦਾ । ਹੁਣ ਤੇ ਉਸਨੂੰ ਕੱਢ ਸਕਣਾ ਅਸੰਭਵ ਹੈ । ਉਸ ਦੇ ਪੈਰ ਬੜੇ ਪੱਕੇ ਜੰਮ ਗਏ ਹਨ।
ਅੱਗੇ ਸਾਰਾ ਕੰਮ ਬੜੀ ਚੰਗੀ ਤਰ੍ਹਾਂ ਤੁਰ ਰਿਹਾ ਸੀ; ਜਦੋਂ ਦਾ ਰਾਮ ਸਿੰਘ ਨੇ ਆਪਣਾ ਪੈਰ ਵਿੱਚੋਂ ਕੱਢ ਲਿਆ ਹੈ, ਕੰਮ ਡਾਵਾਂ ਡੋਲ ਹੋ ਰਿਹਾ ਹੈ।
ਹਵਾਲਦਾਰ ! ਤੂੰ ਏਥੇ ਈ ਖੜੇ ਖੜੇ ਰਾਤ ਪਾ ਦੇਣੀ ਏ ! ਹਵਾਲਾਤੀ ਨੂੰ ਰਾਹ ਵਿੱਚ ਖਲਾਰਨ ਤੇ ਗੱਲਾਂ ਕਰਾਉਣ ਦਾ ਕਿਹੜਾ ਕਨੂੰਨ ਏ ? ਹੀਲੇ ਨਾਲ ਪੈਰ ਸੁੱਟ।
ਇਹ ਸਾਡਾ ਬਿਲਕੁਲ ਜਾਤੀ ਮੁਆਮਲਾ ਹੈ। ਤੁਸੀਂ ਵਿੱਚ ਪੈਰ ਨਾ ਅੜਾਉ ; ਅਸੀਂ ਆਪੂੰ ਨਜਿੱਠ ਲਵਾਂਗੇ।
ਜਦ ਇੱਕ ਵਾਰੀ ਟੀਮ ਦੇ ਪੈਰ ਉੱਖੜ ਗਏ ਤਾਂ ਫਿਰ ਲੱਖ ਹੱਲਾ-ਸ਼ੇਰੀ ਦਿਉ, ਉਸ ਦਾ ਕਾਇਮ ਹੋ ਕੇ ਮੁਕਾਬਲਾ ਕਰਨਾ ਅਸੰਭਵ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਇਸ ਵੇਲੇ ਦੋ ਧੜਿਆਂ ਵਿੱਚ ਵੰਡੀ ਗਈ ਹੈ। ਇੱਕ ਪਾਸੇ ਰੂਸ, ਚੀਨ, ਪੂਰਬੀ ਯੌਰਪ, ਤੇ ਸਰਮਾਏਦਾਰ ਦੇਸਾਂ ਵਿਚ ਰਹਿਣ ਵਾਲੇ ਕਿਰਤੀ-ਕਿਸਾਨ ਹਨ । ਦੂਜੇ ਪਾਸੇ ਦੁਨੀਆਂ ਦੇ ਅਖੌਤੀ ਗਣ-ਰਾਜ, ਜੋ ਅਮਰੀਕਾ ਦੀ ਕਮਾਨ ਹੇਠ ਪੈਂਤੜੇ ਜਮਾ ਰਹੇ ਹਨ।
ਡੂੰਘੇ ਸਿਦਕ ਅਤੇ ਭਰੋਸੇ ਵਾਲੀ ਦੇਵੀ ਵੀ ਆਪਣੇ ਪੈਂਤੜਿਉਂ ਥੋੜੀ ਜਿਹੀ ਉੱਖੜ ਗਈ। ਰਾਤ ਨੂੰ ਘਰ ਵਿੱਚ ਨਾ ਰੋਟੀ ਪੱਕੀ ਤੇ ਨਾ ਕਿਸੇ ਖਾਧੀ।
ਹੁਣ ਤੀਕ ਤੇ ਉਹ ਹੋਰ ਸਬਕ ਪੜ੍ਹਦਾ ਰਹਿਆ ਹੈ। ਹੁਣ ਉਸਨੇ ਪੈਂਤੜਾ ਬਦਲ ਲਿਆ ਹੈ। ਅੱਗੋਂ ਪਤਾ ਨਹੀਂ ਉਸਨੇ ਕੀ ਕੁਝ ਮੰਨਾਣਾ ਹੈ।
ਕਦੀ ਨਹੀਂ, ਕਾਨੂੰਨ ਨੂੰ ਅਸੀਂ ਨਹੀਂ ਛੇੜ ਸਕਦੇ। ਜੇ ਇੱਕ ਵਾਰੀ ਇਹੋ ਜਿਹਾ ਪੈਂਤੜਾ ਪੈ ਗਿਆ ਤਾਂ ਫੇਰ ਅਨ੍ਹੇਰ ਨਗਰੀ ਬੇਦਾਦ ਰਾਜਾ ਵਾਲੀ ਗੱਲ ਹੋ ਜਾਵੇਗੀ। ਸਭ ਅਦਾਲਤੀ ਕਾਰਵਾਈ ਹੇਠ ਉੱਤੇ ਹੋ ਜਾਵੇਗੀ।
ਪੈਸੇ ਹੋ ਗਏ ਤਾਂ ਆਪੇ ਜਨਾਨੀ ਆਵੇਗੀ ਤੇ ਰਿਸ਼ਤੇਦਾਰ ਵੀ ਇੱਜ਼ਤ ਕਰਨਗੇ ਤੇ ਲੋਕ ਵੀ ਵਾਹ ਵਾਹ ਆਖਣਗੇ। ਖੇਡ ਤਾਂ ਸਾਰੀ ਪੈਸੇ ਦੀ ਹੈ । ਭਾਵੇਂ ਡਾਕੇ ਮਾਰ, ਭਾਵੇਂ ਕਤਲ ਕਰ, ਪਰ ਜੇ ਸੁਖ ਚਾਹੁੰਦਾ ਹੈਂ ਤਾਂ ਪੈਸਾ ਦੱਬ ਕੇ ਇਕੱਠਾ ਕਰ।