ਡਾਕਟਰ ਜੀ, ਤੁਸੀਂ ਕੀ ਪਏ ਆਂਹਦੇ ਜੇ, ਸਾਨੂੰ ਤੇ ਇਹ ਕੁੜੀ ਢਿਡੋਂ ਜੰਮੀ ਉਲਾਦ ਨਾਲੋਂ ਅੱਗੇ ਐ। ਹਵੇਲੀ ਵਾਲਿਆਂ ਤੋਂ ਬੇਸ਼ਕ ਪੁੱਛ ਲਉ । ਇਹਦਾ ਪਿਉ ਜਾਂਦਾ ਹੋਇਆ ਮੇਰੇ ਹੱਥ ਏਹਦੀ ਬਾਂਹ ਫੜਾ ਗਿਆ ਏ।
ਸੱਜਣ ਬਾਂਹ ਦੇਵੇ ਤੇ ਨਿਗਲ ਤੇ ਨਹੀਂ ਨਾ ਜਾਣੀ ਚਾਹੀਦੀ। ਲੋੜ ਸਮੇਂ ਤਾਂ ਤੁਸਾਂ ਉਸ ਤੋਂ ਮਦਦ ਲੈ ਲਈ ਸੀ, ਹੁਣ ਸੰਕਟ ਨਿੱਕਲ ਗਿਆ ਹੈ; ਆਪਣਾ ਕੰਮ ਕਰੋ ਤੇ ਖਾਉ।
ਹੁਣ ਭਗਵਾਨ ਸਿੰਘ ਦੀ ਹੀ ਗੱਲ ਲੈ ਲਵੋ, ਕਿਹੜਾ ਭੜੂਆ ਇਹਦੀ ਕਹਾਣੀ ਛਾਪੇਗਾ, ਪਾਰਟੀ ਬਿਨਾਂ ਲਿਖਾਰੀ ਦਾ ਜਨਤਾ ਦੇ ਵਿੱਚ ਪਰਵੇਸ਼ ਕਰਾਉਣਾ ਬਾਂਸ ਦੇ ਖੜੇ ਕਰਨ ਦੇ ਤੁਲ ਹੁੰਦਾ ਹੈ।
ਸ਼ਾਮੂ ਹੈ ਤੇ ਬੜੀ ਬਿੱਜ, ਉਹ ਪੂਰਾ ਜ਼ੋਰ ਲਾਏਗਾ ਕਿ ਟੱਬੂ ਅਨੁਸਾਰ ਅਨੰਤ ਰਾਮ ਦੀ ਛਾਤੀ ਤੋਂ ਅਧ ਸੇਰ ਮਾਸ ਕੱਟਿਆ ਜਾਏ-ਪਰ ਅਦਾਲਤ ਇਹੋ ਜਹੀ ਅਲੋਕਾਰ ਡਿਗਰੀ ਕਰਨ ਨਹੀਂ ਲੱਗੀ। ਅਗਲੇ ਦੀ ਜਾਨ ਚਲੀ ਜਾਣੀ ਹੋਈ।
ਅੱਜ ਤੇ ਦੋ ਰੁਪਏ ਦੇਣ ਨਾਲ ਬਲਾ ਟਲ ਗਈ ਹੈ ਪਰ ਕੱਲ੍ਹ ਉਸ ਨੇ ਫਿਰ ਆ ਦਬਾਣਾ ਹੈ। ਰੋਜ਼ ਰੋਜ ਰੁਪਏ ਕਿੱਥੋਂ ਦੇਵਾਂਗੇ।
ਸਰਕਾਰ ਵਿਰੁੱਧ ਇਹ ਲੇਖ ਲਿਖ ਕੇ ਉਹ ਬਲਦੀ ਦੇ ਬੁੱਥੇ ਜਾ ਫਸਿਆ ਹੈ। ਹੁਣ ਖਲਾਸੀ ਹੋਣੀ ਕਠਨ ਹੈ।
ਤੁਸੀਂ ਕਿਉਂ ਨਹੀਂ ਬੋਲਦੇ ! ਮੈਂ ਤੁਹਾਡੇ ਲਈ ਬਲਦੀ ਅੱਗ ਵਿੱਚ ਪੈਣ ਲਈ ਤਿਆਰ ਹਾਂ। ਇੱਕ ਵਾਰੀ ਮੈਨੂੰ ਬਖਸ਼ੋ। ਮੈਂ ਤੁਹਾਡੇ ਲਈ ਸਾਰਾ ਜਹਾਨ ਛੱਡ ਸਕਦੀ ਹਾਂ।
ਉਸ ਦਾ ਕੰਮ ਬਲਦੀ ਤੇ ਤੇਲ ਪਾਣਾ ਹੈ, ਉਹ ਲੜਾਈ ਕਦੀ ਮਿਟਾਂਦਾ ਨਹੀਂ, ਗੱਲਾਂ ਬਣਾ ਕੇ, ਚੁਗਲੀਆਂ ਲਾ ਕੇ ਲੜਾਈ ਵਧਾਂਦਾ ਹੈ।
ਮਾਂ ਚਾਰ ਸਾਲਾਂ ਮਗਰੋਂ ਮਿਲੇ ਪੁੱਤਰ ਤੋਂ ਬਲ ਬਲ ਜਾ ਰਹੀ ਸੀ, ਵਾਰਨੇ ਤੇ ਚੁੰਮਨੇ ਕਰ ਰਹੀ ਸੀ। ਉਸ ਨੂੰ ਤੇ ਗਵਾਚਾ ਜੀਵਨ ਮੁੜ ਲੱਭ ਪਿਆ ਸੀ।
ਜਦ ਨਸੀਮ ਦੀ ਮਾਂ ਨੇ ਦੱਸਿਆ ਕਿ ਕਿਵੇਂ ਨਸੀਮ ਨੇ ਉਸ ਬੁਰਛੇ ਪਾਸੋਂ ਆਪਣਾ ਈਮਾਨ ਬਚਾਉਣ ਲਈ ਹੱਥੋਂ ਪਾਈ ਕੀਤੀ ਤਾਂ ਬੁੱਢੇ ਦੇ ਚਿਹਰੇ ਦੀਆਂ ਝੁਰੜੀਆਂ ਬਰੂਦ ਦਾ ਪਲੀਤਾ ਬਣ ਗਈਆਂ। ਉਸ ਨੂੰ ਅਰਮਾਨ ਬਹੁਤਾ ਇਸੇ ਗੱਲ ਦਾ ਸੀ ਕਿ ਯੂਸਫ਼ ਉਸਦੇ ਕਾਬੂ ਨਾ ਆ ਸਕਿਆ।
ਜਿੱਥੇ ਬਨ ਬਨ ਦੀ ਲਕੜੀ ਕੱਠੀ ਹੋਈ ਹੋਵੇ ਉੱਥੇ ਸਰਵ ਸੰਮਤੀ ਨਾਲ ਮਤਾ ਕਿਵੇਂ ਪਾਸ ਹੋ ਸਕਦਾ ਸੀ। ਮਤਾ ਪੇਸ਼ ਹੁੰਦਿਆਂ ਹੀ ਰੰਗ ਰੰਗ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ।
'ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਜੋ ਕੰਮ ਸਿਰ ਤੋ ਆ ਪਏ, ਉਸਨੂੰ ਮਰਦਾਂ ਦੀ ਤਰ੍ਹਾਂ ਕਰਨਾ ਚਾਹੀਦਾ ਹੈ । ਦਿਲ ਲਾ ਕੇ ਕੀਤਿਆਂ ਭਾਰੇ ਕੰਮ ਵੀ ਦਿਲਚਸਪ ਹੋ ਜਾਂਦੇ ਹਨ।