ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ ।
ਮੇਰੀ ਚੋਣ ਦਾ ਦਾਇਰਾ ਜੇ ਅਮੀਰੀ ਤੱਕ ਹੀ ਮਹਿਦੂਦ ਹੁੰਦਾ ਤਾਂ ਮੈਂ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਹੀ ਕਿਸੇ ਅਮੀਰ ਨਾਲ ਲਾਵਾਂ ਫੇਰੇ ਲੈ ਚੁੱਕੀ ਹੁੰਦੀ; ਮੈਂ ਜੋ ਚਾਰ ਵਰ੍ਹੇ ਆਪਣੇ ਮਾਪਿਆਂ ਨਾਲ ਆਢਾ ਲਾਈ ਰੱਖਿਆ ਸੀ ਤਾਂ ਇਸ ਦੀ ਆਖਰ ਕੋਈ ਵਜ੍ਹਾ ਸੀ।
ਜਦੋਂ ਜੁਮੇ ਨੇ ਰਵੇਲੇ ਪਾਸੋਂ ਚੀਰ ਪੜਾਂ ਤੇ ਰਹਿਣ ਵਾਲੀ ਚੁੜੇਲ ਦੀ ਕਹਾਣੀ ਸੁਣੀ ਤਾਂ ਉਸ ਦੀਆਂ ਲਾਲ ਅੱਖੀਆਂ ਵਿੱਚੋਂ ਆਨੇ ਕਿਵੇਂ ਫੜਿੱਕ ਕੇ ਬਾਹਰ ਨਿਕਲ ਆਏ, ਦੈਂਤ ਵਰਗਾ ਉਹਦਾ ਬੁੱਤ ਆਕੜਿਆ ਹੋਇਆ ਸੀ।
ਸਾਡਾ ਕਾਕਾ ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ। ਕਿਸੇ ਦੀ ਨਹੀਂ ਸੁਣਦਾ, ਕਿਸੇ ਦੀ ਨਹੀਂ ਮੰਨਦਾ, ਆਪ ਹੁਦਰੀਆਂ ਕਰਦਾ ਏ।
ਕਈ ਰਾਜਸੀ ਲੀਡਰ ਕੇਵਲ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਨੂੰ ਲੋਕ-ਭਲਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਹੁੰਦੀ ।
ਚੰਨੋਂ ਦੀ ਪੀੜ ਘਟਣ ਦੀ ਥਾਂ ਹੋਰ ਤੇਜ਼ ਹੁੰਦੀ ਜਾ ਰਹੀ ਸੀ ਅਤੇ ਉਸ ਦੀ ਬਰਦਾਸ਼ਤ ਨੂੰ ਟੱਪ ਰਹੀ ਸੀ। ਉਹ ਖਿੱਚਵੇਂ ਸਾਹਾਂ ਨਾਲ ਆਪਣਾ ਆਪ ਤੋੜ ਰਹੀ ਸੀ। ਉਸ ਅਥਾਹ ਦਰਦ ਵਿੱਚ ਮਧੋਲੀ ਜਾ ਰਹੀ ਨੇ ਸੋਚਿਆ, ਮੈਂ ਕਿਸੇ ਤਰ੍ਹਾਂ ਬਚ ਨਹੀਂ ਸਕਾਂਗੀ।
ਮੈਂ ਇੱਕ ਵਾਰ ਹੀ ਸੁੰਨ ਜਿਹਾ ਹੋ ਗਿਆ, ਮੈਨੂੰ ਆਪਣਾ ਆਪ ਬਹਿੰਦਾ ਬਹਿੰਦਾ ਜਾਪਿਆ।
ਹੁਣ ਉਸ ਪਾਸੋਂ ਸਾਨੂੰ ਕੋਈ ਛੁਪਾ-ਲੁਕਾ ਨਹੀਂ, ਉਹ ਤੇ ਆਪਣਾ ਹੀ ਹੋ ਗਿਆ ਹੈ।
ਉਹ ਇੰਨਾਂ ਮਿੱਠਾ ਬੋਲਦਾ ਹੈ ਕਿ ਹਰ ਕਿਸੇ ਨੂੰ ਆਪਣਾ ਕਰ ਲੈਂਦਾ ਹੈ।
ਉਸ ਨਾਲ ਕੋਈ ਗੱਲ ਕਰੋ, ਉਹ ਆਪਣਾ ਰਾਗ ਗਾਣ ਲੱਗ ਪੈਂਦਾ ਹੈ।
ਸੱਸ ਤੇ ਨਿਨਾਣਾਂ ਪਹਿਲਾਂ ਤਾਂ ਦੋ ਚਾਰ ਦਿਨ ਲੋਕ ਵਿਖਾਵੇ ਲਈ ਵਹੁਟੀਏ, ਵਹੁਟੀਏ ਕਰਦੀਆਂ ਰਹੀਆਂ। ਫੇਰ ਆਪਣਾ ਰੰਗ ਕੱਢਿਆ ਤੇ ਆਪਣੇ ਰਵਾਂ ਤੇ ਆ ਗਈਆਂ ਅਤੇ ਤੋਤੇ ਵਾਂਗ ਝੱਟ ਅੱਖਾਂ ਬਦਲ ਲਈਆਂ।
ਲੋਕਾਂ ਨੇ ਅਨੰਤ ਰਾਮ ਨੂੰ ਮੁਆਫ ਕਰਨ ਲਈ ਸ਼ਾਮੂ ਸ਼ਾਹ ਨੂੰ ਬਥੇਰਾ ਕਿਹਾ ਪਰ ਉਸ ਇੱਕ ਨਾ ਸੁਣੀ ਤਾਂ ਅਨੰਤ ਰਾਮ ਨੇ ਲੋਕਾਂ ਨੂੰ ਕਿਹਾ, "ਤੁਸੀਂ ਕਿਉਂ ਐਵੇਂ ਬੁਰੇ ਬਣਦੇ ਹੋ ? ਏਸ ਨੂੰ ਕਰ ਲੈਣ ਦਿਉ ਆਪਣੀ ਆਈ। ਜੇ ਮੇਰਾ ਲੇਖ ਈ ਏਸੇ ਤਰ੍ਹਾਂ ਏ ਤੇ ਤੁਸੀਂ ਕੀ ਕਰ ਸਕਦੇ ਹੋ ?