ਕੁੜੀ ਵਾਲੇ ਭਾਵੇਂ ਹਜ਼ਾਰ ਪਏ ਕਰਨ, ਲੱਤ ਸਦਾ ਮੁੰਡੇ ਵਾਲਿਆਂ ਦੀ ਹੀ ਉੱਪਰ ਰਹਿੰਦੀ ਹੈ। ਸਮਾਂ ਹੀ ਐਸਾ ਆ ਗਿਆ ਹੈ।
ਇਹੋ ਜਿਹੀਆਂ ਕਰਤੂਤਾਂ ਨਾਲ ਤੁਸੀਂ ਆਪਣੇ ਅੱਗੇ ਆਪ ਹੀ ਕੰਡੇ ਬੀਜ ਰਹੇ ਹੋ। ਅਗਲੇ ਵੇਖ ਰਹੇ ਹਨ ਤੇ ਕਿਸੇ ਦਿਨ ਉਨ੍ਹਾਂ ਤੁਹਾਨੂੰ ਇਸ ਤਰ੍ਹਾਂ ਇੱਥੋਂ ਕੱਢ ਦੇਣਾ ਹੈ ਜਿਵੇਂ ਮੱਖਣ 'ਚੋਂ ਵਾਲ ਕੱਢੀਦਾ ਹੈ ।
ਕਈਆਂ ਮਹੀਨਿਆਂ ਦੀ ਮਿਹਨਤ ਤੇ ਦਸ ਵੀਹ ਰੁਪਈਏ। ਉਹ ਵੀ ਤਾਂ, ਜੇ ਮੈਂ ਇਹਨਾਂ ਦੇ ਮਤਲਬ ਦੀ ਬਣਾ ਸਕਾਂ। ਇਹ ਵਾਕ ਜੇ ਮੋਹਨ ਕਿਸੇ ਹੋਰ ਵੇਲੇ ਸੁਣਦਾ ਤਾਂ ਪਤਾ ਨਹੀਂ ਉਸ ਦਾ ਕੀ ਹਾਲ ਹੁੰਦਾ, ਪਰ ਇਸ ਵੇਲੇ ਉਹ ਆਪਣੇ ਆਪ ਵਿੱਚ ਨਹੀਂ ਸੀ, ਇਸ ਕਰਕੇ ਉਸ ਦੇ ਦਿਲ ਨੂੰ ਕੋਈ ਤਕਲੀਫ਼ ਨਾ ਹੋਈ।
ਰੋਹਨ ਸਦਾ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ।
ਪਤੀ ਦੀ ਮੌਤ ਮਗਰੋਂ ਮੈਨੂੰ ਹਰ ਪਾਸੇ ਹਨੇਰਾ ਹੀ ਜਾਪਦਾ ਸੀ। ਸਹੁਰਿਆਂ ਤੋਂ ਮੈਨੂੰ ਕੋਈ ਆਸ ਨਹੀਂ ਸੀ ਤੇ ਪੇਕੇ ਵਿਚਾਰੇ ਆਪਣੇ ਜੋਗੇ ਵੀ ਨਹੀਂ ਸਨ, ਮੇਰਾ ਭਾਰ ਕਿਵੇਂ ਚੁੱਕਦੇ।
ਤੂੰ ਬੜਾ ਚੰਗਾ ਏਂ ਆਪਣੇ ਹੀ ਢਿੱਡ ਤੇ ਹੱਥ ਫੇਰਦਾ ਏਂ। ਤੇਰਾ ਤੇ ਇਹ ਮਤਲਬ ਏ ਮੇਰਾ ਲਹਿਣਾ ਆ ਜਾਏ, ਹੋਰ ਕੋਈ ਭਾਵੇਂ ਢੱਠੇ ਖੂਹ ਵਿੱਚ ਪਵੇ।
ਪਰਿਵਾਰ ਦੀ ਆਰਥਿਕ ਹਾਲਤ ਸੰਭਾਲਣ ਲਈ ਉਸ ਦੇ ਤਰਕਸ਼ ਵਿੱਚ ਤੀਰ ਬਾਕੀ ਸਨ।
ਉੱਚੀ ਤਾਲੀਮ ਹਾਸਲ ਕਰਨ ਤੋਂ ਬਾਅਦ ਉਹ ਆਪਣੇ ਪੈਰਾਂ ਤੇ ਖੜ੍ਹ ਗਿਆ।
''ਤਾਂ ਦਿਸਦਾ ਇਹ ਹੈ ਕਿ ਤੂੰ ਆਪਣੀ ਪੈਰੀਂ ਆਪ ਹੀ ਕੁਹਾੜਾ ਮਾਰਿਆ ਹੈ। ਡੁੱਬ ਕੇ ਕਿਉਂ ਨਹੀਂ ਮਰ ਗਈ ? ਕੀ ਸਾਰੇ ਦਰਿਆਵਾਂ ਵਿੱਚ ਪਾਣੀ ਸੁੱਕ ਗਿਆ ਸੀ ? ਸਵਾਮੀ ਦੇ ਘਰ ਨੂੰ ਛੱਡ ਕੇ ਮਾਂ ਦੇ ਘਰ ਆ ਦੱਸਣਾ ਤੈਨੂੰ ਮੈਂ ਤਾਂ ਨਹੀਂ ਸਿਖਾਇਆ ਸੀ।"
ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
ਛੋਟੇ ਬਾਲਕ ਨੇ ਜੋਸ਼ੀਲੀ ਕਵਿਤਾ ਖ਼ਤਮ ਕੀਤੀ ਤਾਂ ਇਕ ਨਿਹੰਗ ਸਿੰਘ ਅੱਖਾਂ ਕੱਢੀ ਜੈਕਾਰੇ ਗਜਾ ਰਿਹਾ ਸੀ। ਲਗਾਤਾਰ ਛੇ ਜੈਕਾਰੇ ਗਜਾ ਕੇ ਉਸ ਉੱਚੀ ਕਿਹਾ, ਇਸ ਛੋਕਰੇ ਨੂੰ ਪੁੱਛੋ ਕਿ ਇਹ ਐਨਾ ਆਪੇ ਤੋਂ ਬਾਹਰ ਹੋ ਰਿਹਾ ਹੈ ਇਹ ਕੀ ਕਰ ਸਕਦਾ ਹੈ। ਇਕ ਮੁੱਕੀ ਦੀ ਮਾਰ ਨਹੀਂ ਐਵੇਂ ਗੱਲਾਂ ਕਰਨ ਦਾ ਕੀ ਲਾਭ।
ਜਦੋਂ ਕਿਸ਼ਨ ਨੇ ਸੁਧੀ ਪਾਸੋਂ ਪੁੱਛਿਆ ਕਿ ਉਸ ਨਾਲ ਕੇਵਲ ਦਾ ਰਿਸ਼ਤਾ ਕਰਨ ਬਾਰੇ ਘਰ ਵਿੱਚ ਕੋਈ ਸਲਾਹ ਹੋਈ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਸਲਾਹ ਦੀ ਕੁਝ ਨਾ ਪੁੱਛੋ, ਜੋ ਗੱਲ 'ਸਾਹਬ' ਕਹਿੰਦਾ ਹੈ ਉਹਨੂੰ ਬੁੱਢੜੀ ਤੇ ਰਾਏ ਸਾਹਿਬ ਨਹੀਂ ਮੰਨਦੇ। ਜੋ ਗਲ ਬੁੱਢੜੀ ਕਹਿੰਦੀ ਹੈ ਉਹਨੂੰ ਉਹ ਦੋਵੇਂ ਨਹੀਂ ਮੰਨਦੇ। ਸਾਰੇ ਆਪੋ ਆਪਣੀ ਚਲਾਉਂਦੇ ਨੇ।