ਬੱਸ ਵੇ ਬੀਬਿਆ, ਤੁਹਾਡੇ ਘਰ ਆਈ ਹੋਈ ਆਂ ਕੀ ਕਹਿਵਾਂ, ਜੇਹੜੀ ਤੂੰ ਮੇਰੀ ਬਾਬ ਕਰਕੇ ਆਇਆ ਏ ਓਥੇ (ਮੇਰੇ ਘਰ) ਤੇ ਏਥੇ ਵੀ ਉਪੱਦਰ ਤੋਲਨੋਂ ਬਸ ਨਹੀਂ ਕਰਦਾ। ਤੁਹਾਡੀ ਭੈਣ ਭਰਾਵਾਂ ਦੀ ਜ਼ਬਾਨ ਬਹੁਤ ਚਲਦੀ ਏ।
ਹੋਰ ਥੋੜ੍ਹੇ ਦਿਨ ਬਾਦ ਉਸ ਨੇ ਹਿੰਮਤ ਕਰ ਕੇ ਨੇੜੇ ਦੇ ਇੱਕ ਬਜਾਰ ਵਿੱਚੋਂ ਫਰਮੇ ਭੰਨਣ ਦਾ ਕੰਮ ਪਰਾਪਤ ਕਰ ਲਿਆ, ਜਿਸ ਵਿੱਚੋਂ ਉਹ ਰੁਪਏ ਬਾਰ੍ਹਾਂ ਆਨਿਆਂ ਦੀ ਰੋਜ਼ ਕਾਰ ਕਰ ਲੈਂਦੀ ਸੀ। ਇਸ ਤਰ੍ਹਾਂ ਘਰ ਦੀ ਦਾਲ ਰੋਟੀ ਦਾ ਬਾਨਣੂ ਬੱਝ ਗਿਆ।
ਗ਼ਲਤੀ ਤੇ ਹੋਈ ਹੈ, ਪਰ ਬਿਲਕੁਲ ਮਾਮੂਲੀ ਜਹੀ । ਸ਼ਰੀਕਾਂ ਨੇ ਬਾਤ ਦਾ ਬਤੰਗੜ ਬਣਾ ਕੇ ਉਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਹੈ।
ਸੋ ਵੱਖੋ ਵੱਖ ਤਿੰਨੀ ਥਾਈਂ ਬਾਲਣ ਦੇ ਢੇਰ ਉਸਰਨੇ ਸ਼ੁਰੂ ਹੋ ਗਏ। ਕੁੜੀਆਂ, ਮੁੰਡਿਆਂ ਦੇ ਢੇਰ ਵੱਲ ਤੇ ਮੁੰਡੇ, ਕੁੜੀਆਂ ਦੇ ਤੋਦੇ ਵੱਲ ਈਰਖਾ ਨਾਲ ਵੇਖੀ ਜਾਂਦੇ ਸਨ। ਮਤੇ ਉਨ੍ਹਾਂ ਤੋਂ ਉਹ ਬਾਜ਼ੀ ਨਾ ਲੈ ਜਾਣ।
ਜ਼ੋਰਾਂ ਵਾਲਿਆਂ ਨੇ ਕਮਜ਼ੋਰਾਂ ਦੀ ਅਸਮਤ ਤੇ ਦੌਲਤ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਜਿੱਧਰ ਦੇਖੋ, ਆਪਾ ਧਾਪੀ ਲੁੱਟ ਮਾਰ ਤੇ ਖੂਨ ਖ਼ਰਾਬੇ ਦਾ ਬਾਜ਼ਾਰ ਗਰਮ ਸੀ।
ਲਾਲ ਵੇਖ ਕੇ ਬਾਛਾਂ ਖੁੱਲ੍ਹ ਗਈਆਂ, ਨੱਸ ਕੇ ਪੱਬਾਂ ਦੇ ਭਾਰ ਹੀ ਜਾਣ ਲੱਗਾ।
ਜੇ ਤੂੰ ਇਸ ਕਰਤੂਤ ਤੋਂ ਬਾਜ ਨਾ ਆਇਆ ਤਾਂ ਤੇਰੀਆਂ ਬਾਚੀਆਂ ਮੇਲਣੀਆਂ ਪੈਣਗੀਆਂ ਤੇ ਤੇਰੇ ਘਰ ਦੇ ਦੌੜੇ ਆਣਗੇ।
ਨੌਕਰ ਨੇ ਸ਼ਾਹ ਨੂੰ ਕਿਹਾ—ਟੁੱਕ ਰੱਜ ਕੇ ਖਾਣ ਨੂੰ ਨਹੀਂ ਦੇਂਦੇ ਓ, ਮੇਰੀਆਂ ਚੰਗੇ ਭਲੇ ਦੀਆਂ ਬਾਚੀਆਂ ਨਿਕਲ ਆਈਆਂ ਨੇ। ਢਿੱਡ ਮੇਰਾ ਤਾਂ ਤੁਸੀਂ ਇੱਕ ਦਿਨ ਨਾ ਭਰਿਆ।
ਜਿਉਂ ਜਿਉਂ ਉਹਦਾ ਦਾਅ ਫਬਦਾ ਜਾਏ, ਉਹ ਦੀਆਂ ਬਾਰੀਆਂ ਖੁਲ੍ਹਦੀਆਂ ਜਾਣ ਤੇ ਉਸਦੀਆਂ ਅੱਖਾਂ ਵਿੱਚ ਇਕ ਚਮਕ ਆਂਦੀ ਜਾਏ।
ਕਰਮ ਭਰੀ (ਸੱਸ) ਤੇ ਉਸ ਦੀਆਂ ਧੀਆਂ ਨੇ ਜਦ ਖੈਰ ਦੀਨ ਦੀਆਂ ਗੱਲਾਂ ਸੁਣੀਆਂ, ਉਨ੍ਹਾਂ ਬਰਕਤ (ਨੂੰਹ) ਨੂੰ ਸਤਾਣ ਵਾਸਤੇ ਬਾਹੀਂ ਕੁੰਜ ਲਈਆਂ। ਬਰਕਤ ਦੀ ਸ਼ਾਮਤ ਆ ਗਈ।
ਬੇਸ਼ਕ ਸ਼ਾਮ ਸਿੰਘ ਕਮਾਊ ਨਹੀਂ ਸੀ ਪਰ ਭਰਾਵਾਂ ਦੀ ਬਾਂਹ ਸੀ; ਕੋਈ ਨਜ਼ਰ ਇਨ੍ਹਾਂ ਵੱਲ ਵੇਖ ਨਹੀਂ ਸੀ ਸਕਦਾ; ਇੰਨਾਂ ਤਕੜਾ ਸੀ। ਹੁਣ ਇਹ ਬਾਂਹ ਟੁੱਟ ਗਈ।
ਤੇ ਬੀਬਾ, ਪੁੱਤਰ ਦੁਨੀਆਂ ਮੰਗਦੀ ਕਾਹਦੇ ਲਈ ਏ। ਇਸੇ ਲਈ ਨਾ ਬਈ ਜੁਆਨ ਹੋ ਕੇ 'ਮਾਪਿਆਂ ਦੀ ਬਾਂਹ ਬਣਨਗੇ। ਦੁਖ ਸੁਖ ਵਿੱਚ ਹੱਥ ਵਟਾਣਗੇ।