ਇਹਨੂੰ ਹਵਾਲਾਤੇ ਸੁੱਟੋ ਤੇ ਚੰਗੀ ਤਰ੍ਹਾਂ ਜੰਦਰਾ ਮਾਰੋ, ਨਹੀਂ ਤਾਂ ਨੱਸ ਜਾਏਗਾ। ਹਵਾਲਦਾਰਾ ! ਖ਼ਬਰਦਾਰੀ ਕਰੀਂ, ਦਮ ਨਾ ਖਾਈਂ ਇਹਦਾ। ਮੈਂ ਤੈਨੂੰ ਰਾਜ਼ੀ ਕਰਾਂਗਾ, ਤੇਰੀ ਕੀਤੀ ਭੁੱਲਾਂਗਾ ਨਹੀਂ।
ਕੁਝ ਆਦਮੀ ਬੈਠੇ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ ਅੰਗ੍ਰੇਜ਼ਾਂ ਨੇ ਆਸਟ੍ਰੇਲੀਆ ਵਸਾਇਆ। ਦੂਜੇ ਨੇ ਕਿਹਾ ਸਾਡੇ ਵੱਡਿਆਂ ਨੇ ਬਾਰ ਵਸਾਈ। ਨਾਲ ਬੈਠੇ ਡਾਕਟਰ ਸਾਹਿਬ ਨੇ ਕਿਹਾ ਕਿ ਮੇਰੇ ਹੀ ਦਮ ਨਾਲ ਕਬਰਿਸਤਾਨ ਆਬਾਦ ਹੈ।
ਕਿਹਰ ਸਿੰਘ- ਮੇਰਾ ਚਾਉ ਵੀ ਜਰਾ ਕੁੰਡ ਦੇ ਨਾ ! ਕਾਕੂ- (ਭੱਠੀ 'ਚੋਂ ਲੋਹਾ ਕੱਢ ਕੇ) ਭਾਈ ਰਤਾ ਦਮ ਮਾਰ । ਵਾਰੀ ਸਿਰ ਇਸ ਨੂੰ ਵੀ ਲਾ ਦਿੰਨਾ ਆਂ।
ਟੈਂਪੂ ਵਾਲੇ ਨੇ ਸ਼ਾਹ ਜੀ ਨੂੰ ਆਵਾਜ਼ ਦਿੱਤੀ -ਏ ਸ਼ਾਹ ਜੀ ! ਛੇਤੀ ਕਰੋ, ਜੇ ਚਲਨਾ ਏ ਤੇ, ਦਿਨ ਘਰੋਂਦਾ ਜਾਂਦਾ ਏ । ਸ਼ਾਹ ਜੀ- ਆਏ ਅਸੀਂ ਹੁਣੇ ਈ। ਜ਼ਰਾ ਦਮ ਹੈ।
ਜਦੋਂ ਦੋ ਚਾਰ ਪਤਵੰਤਿਆਂ ਨੂੰ ਉਸ ਨੇ ਆਪਣੇ ਪੱਖ ਦਾ ਵੇਖਿਆ ਤਾਂ ਉਸ ਦਾ ਦਮ ਵੱਧ ਗਿਆ ਤੇ ਉਸ ਨੇ ਸਰਗਰਮੀਆਂ ਹੋਰ ਵਧਾ ਦਿੱਤੀਆਂ।
ਕਈ ਭੋਲੀਆਂ ਭਾਲੀਆਂ ਇਸਤ੍ਰੀਆਂ ਇਸ ਜੋਗੀ ਦੇ ਦਮ ਵਿੱਚ ਆ ਗਈਆਂ ਤੇ ਆਪਣਾ ਰੁਪਿਆ ਗਹਿਣਾ ਲੁਟਾ ਬੈਠੀਆਂ।
ਸਾਹਬ ਕੁਲੀ ਦਾ ਦਮ ਵੇਖਣ ਲਈ ਉਸ ਨੂੰ ਹੱਲਾ ਸ਼ੇਰੀ ਦਿੰਦਾ ਗਿਆ। ਕੁਲੀ ਵੀ ਇਨਾਮ ਦੇ ਲਾਲਚ ਵਿੱਚ ਇੰਨਾਂ ਬੋਝ ਚੁੱਕੀ ਗਿਆ।
ਤੇਲ ਉਮਰ ਦੇ ਦੀਵਿਓਂ ਮੁੱਕ ਚੁਕਾ, ਚਰਬੀ ਢਾਲ ਕੇ ਜੋਤ ਟਿਮਕਾਈ ਦੀ ਏ, ਤਾਰ ਦਮਾਂ ਦੀ ਪਤਲੀਓਂ ਹੋਈ ਪਤਲੀ, ਰੋਜ ਬਾਰਿਓਂ ਕੱਢ ਕੱਢ ਵਧਾਈ ਦੀ ਏ।
ਜਿਹੜਾ ਕਿਸੇ ਕੰਮ ਦੀ ਪੂਰਤੀ ਲਈ ਦਮਾਂ ਦੀ ਬਾਜ਼ੀ ਲਾਉਣੋਂ ਡਰਦਾ ਨਹੀਂ, ਉਸ ਦੇ ਸਾਹਮਣੇ ਕੋਈ ਔਕੜ ਦਮ ਨਹੀਂ ਮਾਰ ਸਕਦੀ।
ਬੱਸ ਜੀ, ਮੇਰਾ ਹੋਰ ਪਰਦਾ ਰਹਿਣ ਦਿਉ: ਬਿਲਕੁਲ ਮੈਨੂੰ ਦਮੋਂ ਕੱਢਣ ਦੀ ਨਾ ਕਰੋ। ਤੁਸੀਂ ਤੇ ਸਭ ਕੁਛ ਜਾਣਦੇ ਹੀ ਹੋ। ਮੇਰਾ ਗੁਜ਼ਾਰਾ ਬਣਿਆ ਰਹਿਣ ਦਿਉ।
ਥੋੜ੍ਹਾ ਜ਼ੋਰ ਹੋਰ ਲਾਣ ਦੀ ਲੋੜ ਹੈ। ਤੇਰਾ ਵਿਰੋਧੀ ਦਮੋਂ ਨਿਕਲ ਗਿਆ ਹੈ। ਜਿੱਤ ਤੇਰੀ ਹੀ ਹੋਣੀ ਹੈ।
ਰੱਜੀ ਨੇ ਘੁੰਘਰੂਆਂ ਵਾਲਾ ਇੱਕ ਅਤਿ ਸੁੰਦਰ ਪੰਘੂੜਾ ਬਣਵਾਇਆ ਤੇ ਉਸ ਨੂੰ ਆਪਣੇ ਪਲੰਘ ਕੋਲ ਵਿਛਾਇਆ। ਇਧਰ ਉਧਰ ਲੰਘਦੀ ਨਵਾਬ ਦੇ ਕੰਮ ਕਰਦੀ ਉਂਜ ਹੀ ਖਾਲੀ ਪੰਘੂੜੇ ਨੂੰ ਹਿਲਾ ਜਾਂਦੀ। ਪੰਘੂੜੇ ਦੇ ਘੁੰਘਰੂਆਂ ਦੀ ਛਣਕਾਰ ਕਿਸੇ ਥੁੜ ਤੋਂ ਉਹਨੂੰ ਜਾਣੂ ਕਰਾਉਂਦੀ ਇਕ ਮਿਨ੍ਹਾਂ ਜਿਹਾ ਦਰਦ ਇਹਦੇ ਅੰਦਰ ਛੇੜ ਦਿੰਦੀ।