ਉਸ ਨੇ ਹੀਲ ਕੀਤੀ ਨਾ ਦਲੀਲ। ਮਿਤੀ ਪੁੱਗਦਿਆਂ ਹੀ ਸਿੱਧਾ ਜਾ ਦਾਹਵਾ ਠੋਕਿਆ ਤੇ ਵਿਚਾਰੇ ਦੇ ਸੰਮਨ ਕਢਾ ਦਿੱਤੇ।
ਸਭ ਤੋਂ ਵਧੀਕ ਹੈਰਾਨੀ ਪੁਸ਼ਪਾ ਨੂੰ ਉਦੋਂ ਹੋਈ ਜਦ ਉਸ ਨੇ ਸੁਣਿਆ ਕਿ ਮਹਾਤਮਾ ਉੱਤੇ ਹਮਲਾ ਕਰਨ ਵਾਲਾ ਕੋਈ ਓਪਰਾ ਨਹੀਂ ਸੀ ਸਗੋਂ ਪ੍ਰੀਤਮ ਸਿੰਘ ਦਾ ਇੱਕ ਦਿਲੀ ਦੋਸਤ ਤੇ ਜਮਾਤੀ ਸੀ- ਇਸ ਤੋਂ ਛੁੱਟ ਉਹ ਦੇਸ਼-ਭਗਤੀ ਦੇ ਅਸਮਾਨ ਜਿੱਡੇ ਦਾਹਵੇ ਬੰਨ੍ਹਣ ਵਾਲਾ ਵੀ ਸੀ।
ਕੋਲਿਆਂ ਦੀ ਦਲਾਲੀ ਵਿੱਚ ਸਦਾ ਹੀ ਮੂੰਹ ਕਾਲਾ ਹੁੰਦਾ ਹੈ ਕਿਸੇ ਸਭਾ ਸੁਸਾਇਟੀ ਦਾ ਪੈਸੇ ਵਾਲਾ ਕੰਮ ਕਦੇ ਆਪਣੇ ਹੱਥ ਨਹੀਂ ਲੈਣਾ ਚਾਹੀਦਾ ਕਿਉਂਕਿ ਦਾਗ਼ ਲੱਗਣਾ ਆਸਾਨ ਹੈ।
ਕੱਲ ਤੇ ਵਿਚਾਰਾ ਇੱਥੇ ਹੱਸਦਾ ਖੇਡਦਾ ਸੀ। ਰਾਤੋ ਰਾਤ ਉਸ ਦਾ ਦਾਣਾ ਪਾਣੀ ਮੁੱਕ ਗਿਆ। ਐਸਾ ਪੇਟ ਵਿੱਚ ਸੂਲ ਉਠਿਆ ਕਿ ਬਸ ਮੂਧਿਆਂ ਕਰ ਦਿੱਤਾ।
ਊਸ਼ਾ ਨੂੰ ਆਪਣਾ ਖ਼ਿਆਲ ਗ਼ਲਤ ਜਾਪਿਆ ਜੇਹੜਾ ਉਹ ਸੋਚਦੀ ਸੀ ਕਿ ਉਸ ਦਾ ਪਤੀ ਸੰਗੀਤਕ ਰੁਚੀਆਂ ਤੋਂ ਅਨਭਿੱਜ ਹੈ । ਗਾਣੇ ਦੇ ਇੱਕ ਇੱਕ ਸ਼ਬਦ ਉੱਤੇ ਜਿਸ ਤਰਾਂ ਪੂਰਨ ਚੰਦ ਨੇ ਦਾਦ ਦਿੱਤੀ ਸੀ, ਇਸ ਨੂੰ ਵੇਖ ਕੇ ਉਸ ਦੇ ਦਿਲ ਨੂੰ ਇੱਕ ਮਿੱਠੀ ਤਸੱਲੀ ਹੋਈ।
ਪਿੰਡ ਦੀ ਸੁਥਰੀ ਹਵਾ ਤੇ ਮਿੱਠੇ ਪਾਣੀ ਨੇ ਮੇਰੀ ਦਾਰੂ ਛਡਾ ਦਿੱਤੀ ਹੈ, ਪਰ ਕੀ ਸਬੱਬ ਹੈ ਕਿ ਪਿੰਡਾਂ ਦੇ ਲੋਕ ਦਾਰੂ ਪੀਂਦੇ ਹਨ?
ਹਿੰਦੁਸਤਾਨੀਆ ! ਜਾਗ ਕੇ ਮਾਰ ਝਾਤੀ, ਤੇਰੇ ਜੀਉਣ ਦਾ ਅੱਜ ਕੋਈ ਹਾਲ ਭੀ ਹੈ ? ਪਲੇ ਆਪਣੇ ਕੋਈ ਕਰਤੂਤ ਭੀ ਹੈ ? ਗਲਦੀ ਕਿਸੇ ਮਹਿਫ਼ਲ ਅੰਦਰ ਦਾਲ ਭੀ ਹੈ ?
ਮੈਂ ਵਾਪਸ ਆਈ ਤਾਂ ਦਾਲ ਲੱਗੀ ਹੋਈ ਸੀ ਤੇ ਸੜਨ ਦੀ ਬੂ ਆ ਰਹੀ ਸੀ।
ਮੈਂ ਤਾਂ ਪਹਿਲੇ ਦਿਨ ਇਹ ਤਾੜ ਗਈ ਸਾਂ ਕਿ ਇਸ ਦਾਲ ਵਿੱਚ ਕੁਝ ਕਾਲਾ ਹੈ। ਹੁਣ ਵੇਖ ਲੈ ਸਾਰੇ ਹਰਦਵਾਰ ਵਿੱਚ ਇਨ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ।
ਤੁਹਾਡੇ ਘਰ ਚੋਰੀ ਹੋਈ ਤੇ ਤੁਹਾਡਾ ਗੁਆਂਢੀ ਗ਼ਾਇਬ ਹੈ। ਮੈਨੂੰ ਤਾਂ ਦਾਲ ਵਿੱਚ ਕੁਝ ਕਾਲਾ ਲਗਦਾ ਹੈ ਕਿਤੇ ਚੋਰੀ ਉਸ ਨੇ ਹੀ ਨਾ ਕੀਤੀ ਹੋਵੇ।
ਉਹ ਅੰਮ੍ਰਿਤਸਰ ਰਹਿੰਦੇ ਨੇ। ਜਦੋਂ ਵੀ ਕਦੇ ਆਂਦੇ ਹਨ, ਮੈਂ ਉਨ੍ਹਾਂ ਤੋਂ ਕਦੇ ਕੁਝ ਨਹੀਂ ਮੰਗਿਆ ਕਿਉਂਕਿ ਮੈਨੂੰ ਪਤਾ ਏ ਕਿ ਉਹ ਆਪ ਹੀ ਸਦਾ ਦਾਲੋਂ ਟੁੱਟੇ ਰਹਿੰਦੇ ਹਨ।
ਅਨੰਤ ਰਾਮ ਨੇ ਮੇਰੇ ਨਾਲ ਬੜੇ ਜ਼ੁਲਮ ਕੀਤੇ ਨੇ । ਮੇਰੇ ਵਿਆਹ ਨੂੰ ਧੱਕਾ ਲਾਇਆ ਏ ; ਮੇਰੇ ਸੱਜਣਾਂ ਨੂੰ ਨਖੇੜਿਆ ਏ ਤੇ ਵੈਰੀਆਂ ਨੂੰ ਮੇਰੇ ਨਾਲ ਭੇੜਿਆ ਏ। ਹੱਛਾ, ਜੋ ਰੱਬ ਕਰੇ ਸੋ ਹੋਵੇ ! ਜੇ ਕਿਤੇ ਇਕ ਵਾਰੀ ਮੇਰੀ ਦਾੜ੍ਹ ਥੱਲੇ ਚੜ੍ਹ ਗਿਆ ਤਾਂ ਮੈਂ ਅਗਲੀ ਪਿਛਲੀ ਸਾਰੀ ਕਸਰ ਕੱਢ ਲਵਾਂਗਾ।