ਦੀਪੋ ਨੇ ਆਪਣੀ ਸਹੇਲੀ ਨੂੰ ਕਿਹਾ—ਤੁਫਾਨ ਨਾ ਤੋਲ ਨੀ। ਲੋਕਾਂ ਦੇ ਤਾਂ ਕੰਨਾਂ ਤੀਕ ਮੂੰਹ ਪਾਟੇ ਹੋਏ ਨੇ। ਐਵੇਂ ਮੇਰੇ ਪਿਤਾ ਜੀ ਤੇ ਉਜਾਂ ਲਾਈ ਜਾਂਦੇ ਨੇ।
ਬੱਚਿਆਂ ਦੀ ਲੜਾਈ ਤੋਂ ਉਨ੍ਹਾਂ ਵਿੱਚ ਵੀ ਤੂੰ ਤੂੰ ਮੈਂ ਮੈਂ ਹੋ ਪਈ। ਬੱਚੇ ਤੇ ਮੁੜ ਉਹੋ ਜਹੇ ਹੋ ਗਏ ਪਰ ਉਨ੍ਹਾਂ ਦੇ ਹੁਣ ਤੀਕ ਮੂੰਹ ਵੱਟੇ ਹੋਏ ਹਨ।
ਸੱਸ ਨੇ ਆਪਣੀ ਨੂੰਹ ਨਾਲ ਲੜਦਿਆਂ ਹੋਇਆਂ ਕਿਹਾ, ''ਤੇਰਾਂ ਤਾਲੀ, ਮੇਰੇ ਨਾਲ ਚਲਾਕੀਆਂ ਕਰਦੀ ਹੈ।"
ਰੱਬ ਨੇ ਉਸ ਨੂੰ ਬੜੀ ਸੁੰਦਰਤਾ ਦਿੱਤੀ ਹੈ। ਉਸ ਨੂੰ ਤੇਲ ਚੜ੍ਹਾਉਣ ਦੀ ਕੀ ਲੋੜ ਹੈ। ਰੂਪ ਤੇ ਉਸ ਨੂੰ ਪਹਿਲਾਂ ਹੀ ਚੜ੍ਹਿਆ ਹੋਇਆ ਹੈ।
ਜਦੋਂ ਨਵਾਂ ਜਵਾਈ ਘਰ ਆਇਆ, ਤਾਂ ਸੱਸ ਨੇ ਉਸ ਨੂੰ ਤੇਲ ਚੋ ਕੇ ਅੰਦਰ ਲੰਘਾਇਆ।
ਪੁੱਤਰ ਦੀ ਮੌਤ ਨੇ ਮੈਨੂੰ ਜੀਂਦਿਆਂ ਜੀ ਤੇਲ ਦੀ ਕੜਾਹੀ ਵਿੱਚ ਪਾ ਦਿੱਤਾ ਹੈ। ਮੇਰੇ ਪਾਸੋਂ ਮਰਿਆ ਵੀ ਨਹੀਂ ਜਾਂਦਾ ਤੇ ਦੁਖ ਵੀ ਨਹੀਂ ਸਹਾਰਿਆ ਜਾਂਦਾ।
ਤੁਸੀਂ ਕਹਿੰਦੇ ਹੋ ਗਰਮੀ ਹੀ ਕੋਈ ਨਹੀਂ ਪਰ ਮੇਰਾ ਤੇਲ ਨਿਕਲ ਰਿਹਾ ਹੈ। ਸਾਰੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਹਨ।
ਜਦੋਂ ਭੁਚਾਲ ਆਇਆ ਸੀ, ਇਸ ਦੀਵਾਰ ਵਿੱਚ ਦੋ ਤੇੜਾਂ ਆ ਗਈਆਂ ਸਨ।
''ਤੇਰੇ ਤੇ ਢਿੱਡ ਵਿੱਚ ਖੌਰੇ ਡੈਣ ਵੜ ਗਈ ਏ । ਤਰਕਾਲਾਂ ਨਾ, ਨਾਲੇ ਸੋਤਾ ਪੈ ਗਿਆ ਏ ਤੇਰੇ ਭਾ ਦਾ । ਮੁਨ੍ਹੇਰੇ ਪਹਿਲਾਂ ਚਾਹ ਦਾ ਕਟੋਰਾ ਤੇ ਦੋ ਮੰਨੀਆਂ ਖਾਧੀਆਂ ਈਂ, ਦੁਪਹਿਰੇ ਫੇਰ ਤੋਂਸਾ ਬੀੜ ਚੁੱਕਾ ਏਂ । ਢਿੱਡ ਨਾ ਹੋਇਆ, ਖੂਹ ਹੋ ਗਿਆ ਔਂਤਰਾ।"
ਕੱਲ੍ਹ ਜਿਸ ਨੂੰ ਤੁਸੀਂ ਸਭ ਕੁਝ ਅਰਪਨ ਕਰ ਰਹੇ ਸੀ, ਅੱਜ ਜੋ ਉਸ ਨੂੰ ਚਹੁੰ ਪੈਸਿਆਂ ਦੀ ਲੋੜ ਪਈ ਤਾਂ ਝਟ ਹੀ ਤੁਸੀਂ ਤੋਤਾ ਚਸ਼ਮ ਹੋ ਗਏ। ਕੀਹ ਫਿਰ ਵੀ ਉਸ ਨੂੰ ਤੁਹਾਡੀ ਨੀਤ ਤੇ ਸ਼ੱਕ ਨਾ ਪੈਂਦਾ।
ਸਰੂਪ ਸਿੰਘ ਅਜੀਬ ਗੁੰਝਲ ਵਿੱਚ ਫਸ ਗਿਆ। ਜੇ ਉਹ ਤੋੜ ਕੇ 'ਨਾਂਹ ਕਰਦਾ ਤਾਂ ਪਿੰਡ ਵਾਲਿਆਂ ਦਾ ਦਿਲ ਟੁੱਟਦਾ ਸੀ, ਤੇ ਉਹਨਾਂ ਦੀ ਇਹ ਰਾਇ ਬਣ ਜਾਣ ਦਾ ਭੀ ਖਤਰਾ ਸੀ ਕਿ ਸਰੂਪ ਸਿੰਘ ਇਤਨੇ ਔਖੇ ਤੇ ਜ਼ਰੂਰੀ ਵੇਲੇ ਉਹਨਾਂ ਦੀ ਅਗਵਾਈ ਕਰਨ ਤੋਂ ਡਰ ਰਿਹਾ ਹੈ।
ਜੋ ਗੇਂਦਾਂ ਤੂੰ ਗੁੰਦੀਆਂ ਸਭ ਚੜ੍ਹ ਗਈਆਂ ਤੋੜ, ਪਰ ਇਕ ਸ਼ਾਹ ਜਹਾਨ ਦਾ ਰਿਹਾ ਰੜਕਦਾ ਰੋੜ ।