ਮੈਨੂੰ ਉਨ੍ਹਾਂ ਦੇ ਧੋਖੇ ਦੀ ਕੋਈ ਸਮਝ ਨਹੀਂ ਸੀ। ਉਹ ਮੈਨੂੰ ਅਟੇਰ ਕੇ ਉੱਥੇ ਲੈ ਗਿਆ ਤੇ ਜੂਏ ਵਿੱਚ ਲਾ ਲਿਆ ਅਤੇ ਸਭ ਕੁਝ ਮੇਰੇ ਪਾਸੋਂ ਜਿੱਤ ਲਿਆ।
ਗ਼ਰੀਬ ਦੀ ਧੀ ਵਿਚਾਰੀ ਚੰਗੇ ਘਰੀਂ ਗਈ ਹੈ। ਉੱਥੇ ਕਿਸੇ ਚੀਜ਼ ਦਾ ਅਟਕਾ ਨਹੀਂ। ਇਨ੍ਹਾਂ ਵਿਚਾਰਿਆਂ ਦੀ ਵੀ ਆਂਦਰ ਠੰਡੀ ਹੋਵੇਗੀ।
ਜੋਤਸ਼ੀ ਦੇ ਆਖੇ ਲੱਗ ਕੇ ਜਦ ਸਾਡੇ ਸਬੰਧੀ ਆਸਾਮ ਗਏ ਤਾਂ ਸੈਂਕੜੇ ਰੁਪਏ ਵਾਪਾਰ ਵਿੱਚ ਰੋੜ੍ਹ ਕੇ ਦੋ ਕੁ ਮਹੀਨੇ ਮਗਰੋਂ ਵਾਪਸ ਆ ਗਏ। ਤਦ ਮੈਨੂੰ ਯਕੀਨ ਹੋ ਗਿਆ ਕਿ ਜੋਤਸ਼ੀ ਐਵੇਂ ਹਾਲਾਤ ਦਾ ਅੰਦਾਜ਼ਾ ਲਾ ਕੇ ਅਟਕਲ ਪੱਚੂ ਜਵਾਬ ਦੇ ਦਿੰਦੇ ਹਨ।
ਖਿਆਲ ਪੈਦਾ ਹੁੰਦਾ ਹੈ ਕਿ ਉਹ ਨੌਕਰ ਵੀ ਅਜੀਬ ਮਿੱਟੀ ਦੇ ਘੜੇ ਹੋਏ ਹੋਣਗੇ, ਜਿਹੜੇ ਆਪਣੇ ਮਾਲਕ ਦੀ ਹਰ ਵੇਲੇ ਦੀ ਝਾੜ ਝੰਬ ਤੇ ਮਾਰ ਕੁੱਟ ਤੋਂ ਵੀ ਨਹੀਂ ਹੁੱਸੜਦੇ।
ਮੇਰੀ ਜਾਨ ਤਾਂ ਕਈ ਦਿਨਾਂ ਤੋਂ ਅਜ਼ਾਬ ਦੇ ਮੂੰਹ ਆਈ ਹੋਈ ਹੈ। ਪੁੱਤਰ ਨੇ ਵੱਖਰੇ ਹੋਣ ਦਾ ਰੇੜਕਾ ਪਾਇਆ ਹੋਇਆ ਹੈ।
ਜਿੱਥੋਂ ਤੀਕ ਧੁਰ ਪੂਰਬੀ ਨੌ-ਆਬਾਦ ਆਂ ਦਾ ਸਵਾਲ ਹੈ, ਡੱਚਾਂ, ਅੰਗਰੇਜ਼ਾਂ ਤੇ ਫ਼ਰਾਂਸੀਸੀਆਂ ਨੂੰ ਆਪਣੀ ਕਿਸਮਤ ਦਾ ਪਤਾ ਹੈ। ਉਹ ਜਾਣਦੇ ਹਨ ਕਿ ਇਹ ਅੱਜ ਭੀ ਗਈਆਂ, ਤੇ ਕੱਲ ਭੀ ਗਈਆਂ। ਬਹੁਤਾ ਫ਼ਿਕਰ ਤਾਂ ਉਹਨਾਂ ਨੂੰ ਆਪਣੇ ਘਰਾਂ ਦਾ ਹੈ। ਉਹ ਮਹਿਸੂਸ ਕਰ ਰਹੇ ਹਨ, ਕਿ ਪੱਛਮੀ ਯੂਰਪ ਲਈ ਖ਼ਤਰਾ ਵਧ ਗਿਆ ਹੈ।
ਨੀ ਝੂਠੀਏ ਛਟਾਲਣੇ, ਦੁਪਹਿਰੇ ਦੀਵਾ ਬਾਲਣੈ! ਨੀ ਤੈਨੂੰ ਕਦੋਂ ਗਾਲ੍ਹ ਕੱਢੀ ਏ ? ਨੀ ਤੇਰੇ ਤੇ ਸਬਰ ਪੈ ਜਾਏ, ਨਿਹੱਕ ਬੋਲਨੀ ਏਂ, ਅਜਗੈਬ ਤੋਲਨੀ ਏਂ ਮੇਰੇ ਤੇ।
ਮਜ਼ਦੂਰ ਦੀ ਪੰਜ ਰੁਪਿਆਂ ਨਾਲ ਤਸੱਲੀ ਨਾ ਹੋਈ ਤੇ ਕਹਿਣ ਲੱਗਾ- ਜੀ, ਇਹ ਥੋੜ੍ਹੇ ਹਨ। ਪਰ ਸਰਦਾਰ ਉਸ ਨੂੰ ਅੱਗੋਂ ਪੈ ਗਿਆ ਕਿ ਚਾਹੀਦੇ ਤੇ ਢਾਈ ਹੀ ਸਨ ਪਰ ਦੇ ਪੰਜ ਦਿੱਤੇ ਹਨ, ਹੁਣ ਦੌੜ ਜਾ ।
ਤੂੰ ਮੇਰਾ ਮਿੱਤ੍ਰ ਏਂ, ਦੋਸਤ ਭਰਾਵਾਂ ਨਾਲੋਂ ਬੀ ਅਗੇਰੇ ਹੁੰਦੇ ਨੇ। ਮਿੱਤ੍ਰ ਉਹੋ ਹੀ ਏ, ਜੋ ਬਿਪਤਾ ਵੇਲੇ ਕੰਮ ਆਵੇ।
ਉਹ ਤੇ ਆਪਣੇ ਭਰਾਵਾਂ ਦੀ ਕੋਈ ਮਦਦ ਨਹੀਂ ਕਰਦਾ; ਮੇਰੀ ਉਸ ਕੀ ਅਗੇਰ ਕਰਨੀ ਹੈ, ਜੋ ਮੈਂ ਉਸ ਪਾਸ ਜਾਵਾਂ।
ਪਿੰਡ ਵਿੱਚ ਕਿਸੇ ਦੇ ਘਰ ਖੁਸ਼ੀ ਗ਼ਮੀ ਹੋਵੇ; ਉਹ ਹੀ ਚੌਧਰੀ ਹੁੰਦਾ ਹੈ ਤੇ ਅਗੇਚ ਹੋ ਹੋ ਕੇ ਪੈਂਦਾ ਹੈ। ਘਰ ਵਾਲੇ ਵਿਚਾਰੇ ਚੁੱਪ ਕਰ ਜਾਂਦੇ ਹਨ ਭਾਵੇਂ ਪਸੰਦ ਉਸ ਨੂੰ ਕੋਈ ਵੀ ਨਹੀਂ ਕਰਦਾ।
ਉਹ ਦਿਨ ਹੁਣ ਗਏ ਜਦੋਂ ਪੁਲਿਸ ਦਾ ਇੱਕ ਸਿਪਾਹੀ ਵੀ ਸਾਰੇ ਪਿੰਡ ਨੂੰ ਹਿੱਕ ਕੇ ਅੱਗੇ ਲਾ ਲਿਆ ਕਰਦਾ ਸੀ। ਹੁਣ ਕਿਸੇ ਆਦਮੀ ਨੂੰ ਹੱਥ ਪਾਉਣ ਵੇਲੇ ਪੁਲਿਸ ਸੌ ਵਾਰ ਸੋਚਦੀ ਹੈ।