ਸ਼ਾਹ ਨੇ ਆਪਣੇ ਗੁਸਤਾਖ ਨੌਕਰ ਬਾਰੇ ਕਿਹਾ— ਦੇਖੋ ਜੀ ! ਕਹੀ ਜ਼ਮਾਨੇ ਨੂੰ ਅੱਗ ਲੱਗ ਗਈ ਜੇ ! ਜਿਦ੍ਹੇ ਵੱਲ ਵੇਖੋ, ਨਾਢੂ ਖਾਂ ਈ ਬਣਿਆ ਫਿਰਦਾ ਏ। ਭੁੱਖੇ ਮਰਦੇ ਨੂੰ ਰੱਜਵਾਂ ਟੁੱਕਰ ਮਿਲਿਆ ਤੇ ਹੁਣ ਨੱਕ ਤੇ ਮੱਖੀ ਨਹੀਂ ਬਹਿਣ ਦੇਂਦਾ।
ਮਾਰ ਤਾਂ ਦੁਹਾਂ ਮੁਲਕਾਂ ਵਿੱਚ ਰੀਫੀਉਜੀਆਂ ਉੱਤੇ ਹੀ ਪਈ...ਤੇ ਤੁਸੀਂ ਲੋਕ-ਜਿਹੜੇ ਫੜਾਂ ਮਾਰਨ ਲੱਗੇ ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦੇਂਦੇ ਹੋ- ਕਿਸੇ ਨੂੰ ਸੜੀ ਰੋਟੀ ਦਾ ਸਿੱਕੜ ਲਾਹ ਦੇਣ ਨੂੰ ਤਿਆਰ ਨਹੀਂ ਹੈ।
ਗੱਲ ਸਾਰੀ ਹੀ ਵਿਗਾੜ ਦਿੱਤੀ ਏ ਇਨ੍ਹਾਂ ਦੇ ਸਾਹਿਬਜ਼ਾਦਾ ਸਾਹਿਬ ਨੇ। ਜਿਸ ਦਿਨ ਦੇ ਉਹ ਜਾ ਕੇ ਉਨ੍ਹਾਂ ਭੂਤਨਿਆਂ ਵਿੱਚ ਰਲੇ ਨੇ, ਉਹ ਜ਼ਮੀਨ ਤੇ ਪੈਰ ਈ ਨਹੀਂ ਲਾਉਂਦੇ-ਜਿਕਣ ਉਨ੍ਹਾਂ ਨੂੰ ਲੋੜ ਈ ਕੋਈ ਨਹੀਂ ਕੰਮ ਕਰਨ ਦੀ।
ਪੁੱਤਰ ਦੀ ਇਹ ਕਰਤੂਤ ਸੁਣ ਕੇ ਪਿਉ ਜ਼ਮੀਨ ਵਿੱਚ ਹੀ ਨਿੱਘਰ ਰਿਹਾ ਸੀ।
ਆਤਸ਼ਬਾਜ਼ੀ ਚਲੀ, ਮੁਜਰੇ ਹੋਏ ਤੇ ਪੇਂਡੂ ਲੋਕ ਇਕੁਰ ਜ਼ਰ ਫੂਕੀਦੀ ਵੇਖ ਖੁਸ਼ ਹੋ ਵਾਹ ਵਾਹ ਪਏ ਕਰਦੇ।
ਵਾਹ, ਚੰਗੀ ਆਖੀ ਊ ਯਾਰ ! ਜੇ ਅੱਜ ਵੀ ਰੁੱਖੀ ਮਿੱਸੀ ਈ ਖਾਧੀ ਤਾਂ ਜਲਸਾ ਫੇਰ ਕਿਹੜੇ ਦਿਨ ਉੱਡਣਾ ਏ ? ਅੱਜ ਵਰਗਾ ਵੀ ਕੋਈ ਮਹਾਨ ਦਿਨ ਹੋਣਾ ਏ।
ਇਸ ਕਾਰਖ਼ਾਨੇ ਵਿੱਚ ਅੱਜ ਪੰਦਰਾਂ ਮਜ਼ਦੂਰਾਂ ਨੂੰ ਜਵਾਬ ਹੋਇਆ ਹੈ। ਮਾਲਕ ਕਾਰਖਾਨਾ ਬੰਦ ਕਰਨ ਦੀ ਵੀ ਸੋਚ ਰਹੇ ਹਨ, ਘਾਟੇ ਕਰਕੇ।
ਸ਼ਕਲ ਤੋਂ ਉਹ ਤੀਹ ਬੱਤੀ ਵਰ੍ਹਿਆਂ ਦਾ ਜਾਪਦਾ ਸੀ, ਪਰ ਇਉਂ ਪਰਤੀਤ ਹੁੰਦਾ ਸੀ ਕਿ ਸਦਾ ਸਫਰ ਵਿੱਚ ਰਹਿਣ ਨਾਲ ਅਤੇ ਖਾਣ ਪੀਣ ਦੀ ਤੰਗੀ ਤੋਂ ਉਸ ਦੀ ਸਿਹਤ ਜਵਾਨੀ ਵਿੱਚ ਹੀ ਜਵਾਬ ਦੇ ਗਈ ਸੀ।
ਮੰਗਤੇ ਨੇ ਅਸੀਸ ਦਿੰਦਿਆਂ ਕਿਹਾ- ਪਰਮਾਤਮਾ ਤੁਹਾਡੀ ਜੜ੍ਹ ਹਰੀ ਰੱਖੇ, ਦੁੱਧ ਪੁੱਤ ਦੀ ਥੁੜ ਕਦੇ ਨਾ ਆਵੇ।
ਕਹਿੰਦੇ ਸਨ ਕਿ ਅੰਗ੍ਰੇਜ਼ੀ ਰਾਜ ਦੀਆਂ ਜੜ੍ਹਾਂ ਪਤਾਲ ਤੀਕ ਲੱਗੀਆਂ ਹੋਈਆਂ ਹਨ। ਪਰ ਵੇਖ ਲਓ ! ਆਪਣੇ ਆਪ ਹੀ ਇਹ ਜੜ੍ਹਾਂ ਉਖੜਦੀਆਂ ਚਲੀਆਂ ਜਾ ਰਹੀਆਂ ਹਨ।
ਰਾਜੇ ਦੇ ਹੁਕਮ ਅਨੁਸਾਰ ਉਸ ਦਾ ਜਣਾ ਬੱਚਾ ਘਾਣੀ ਪਿੜਾ ਦਿੱਤਾ ਗਿਆ ਤੇ ਉਸ ਦੀ ਜੜ੍ਹ ਮੇਖ ਪੁੱਟ ਦਿੱਤੀ ਗਈ।
ਹਰਮਿੰਦਰ ਨੇ ਰਵਿੰਦਰ ਦੀ ਜੜ੍ਹੀਂ ਅਜਿਹਾ ਤੇਲ ਦਿੱਤਾ ਕਿ ਉਹਨਾਂ ਦਾ ਸਾਰਾ ਘਰ-ਘਾਟ ਹੀ ਤਬਾਹ ਹੋ ਗਿਆ।