ਮੈਂ ਰੋਟੀ ਕਿਵੇਂ ਖਾਵਾਂ, ਮੇਰੇ ਅੰਦਰ ਹੌਲ ਪੈ ਰਿਹਾ ਹੈ। ਸ਼ਾਮ ਸਵੇਰ ਦਾ ਘਰੋਂ ਗਿਆ ਹੈ ਤੇ ਅਜੇ ਤੱਕ ਨਹੀਂ ਆਇਆ।
ਦੋਸਤ ਬਣ ਕੇ ਗਗਨ ਨੇ ਮੈਨੂੰ ਧੋਖਾ ਦਿੱਤਾ, ਇਸਤੇ ਮੈਨੂੰ ਉਸਦਾ ਅੰਦਰ ਕਾਲਾ ਕਾਲਾ ਪ੍ਰਤੀਤ ਹੋਇਆ।
ਸਰਕਾਰ ਨੇ ਅੰਦਰ ਖਾਨੇ ਨਵਾਂ ਨਿਯਮ ਲਾਗੂ ਕਰ ਦਿੱਤਾ।
ਧਰਮ ਚੰਦ ਵਿੱਚ ਸਭ ਤੋਂ ਵੱਡਾ ਗੁਣ ਸੀ ਮਿੱਠਾ ਬਣਨਾ- ਇਤਨਾ ਮਿੱਠਾ ਕਿ ਅਗਲੇ ਦੇ ਅੰਦਰ ਤੀਕ ਧਸ ਜਾਣਾ।
ਚਾਚੇ ਨੇ ਭਰਾ ਦੀ ਸਾਰੀ ਖੱਟੀ ਕਮਾਈ ਆਪਣੇ ਅੰਦਰ ਪਾ ਲਈ ਹੈ ਤੇ ਇਹ ਵਿਚਾਰੇ ਯਤੀਮ ਭਤੀਜੇ ਲੋਕਾਂ ਦੇ ਦਰਾਂ ਤੇ ਰੁਲ ਰਹੇ ਹਨ।
ਖੁਸ਼ਹਾਲ ਸਿੰਘ ਨੇ ਮਾਤਾ ਭਾਗਵੰਤੀ ਨੂੰ ਦੱਸਿਆ ਕਿ ਤੇਰੇ ਪੁੱਤਰ ਨੇ ਇੱਕ ਅਮੀਰ ਰੰਡੀ ਜਨਾਨੀ ਨਾਲ ਵਿਆਹ ਕਰ ਲਿਆ ਹੈ। ਇਹ ਸੁਣ ਕੇ ਭਾਗਵੰਤੀ ਦਾ ਅੰਦਰਲਾ ਸਾਹ ਅੰਦਰ ਤੇ ਬਾਹਰਲਾ ਬਾਹਰ ਰਹਿ ਗਿਆ।
ਉਸ ਦੀਆਂ ਸੁਰੇਸ਼ ਬਾਰੇ ਗੱਲਾਂ ਸੁਣ ਸੁਣ ਕੇ ਉਹ ਹੈਰਾਨ ਹੋ ਰਿਹਾ ਸੀ ਤੇ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਕੀ ਇੰਨਾ ਭੋਲਾ ਭਾਲਾ ਆਦਮੀ ਵੀ ਅੰਦਰੋਂ ਇੰਨਾ ਕਾਲਾ ਹੋ ਸਕਦਾ ਏ? ਮਨੁੱਖ ਦੀ ਗੱਲ ਬਾਤ ਤੇ ਬਾਹਰਲੀ ਰਹਿਣੀ ਬਹਿਣੀ ਉਸ ਦੇ ਅੰਦਰਲੇ ਮਨ ਨੂੰ ਬਿਲਕੁਲ ਹੀ ਪ੍ਰਗਟ ਨਹੀਂ ਕਰਦੀ।
ਪਰ ਸ਼ੋਕ ! ਉਸ ਹਨੇਰੇ ਕਾਲੇ, ਅੰਧਾ ਧੁੰਧੀ ਦੇ ਸਮੇਂ ਸ਼ਰਾਬ ਅਜਿਹੀ ਵਧੀ ਕਿ ਇਸ ਪ੍ਰਕਾਸ਼ ਦੇ ਸਮੇਂ ਵਿੱਚ ਘਟਣੀ ਤਾਂ ਕਿਤੇ ਰਹੀ, ਸਗੋਂ ਦੂਣ ਸਵਾਈ ਹੋ ਗਈ।
ਛੋਟੀ ਉਮਰੇ ਹੀ ਮੋਹਨ ਨੂੰ ਵਟਾਲਾ ਛੱਡ ਕੇ ਲਾਹੌਰ ਦਾ ਅੰਨ ਜਲ ਚੁਗਣਾ ਪਿਆ। ਦੋ ਨਿਆਸਰੀਆਂ ਜਿੰਦਾਂ ਦੇ ਤਨ ਪੇਟ ਦਾ ਭਾਰ ਇਸੇ ਅਨਾਥ ਦੇ ਸਿਰ ਤੇ ਸੀ।
ਕੱਲ੍ਹ ਅਸੀਂ ਤਿਆਰ ਹੋ ਕੇ ਸਟੇਸ਼ਨ ਤੇ ਗਏ ਪਰ ਗੱਡੀ ਤੁਰ ਚੁਕੀ ਸੀ। ਸਭ ਅੰਨ ਜਲ ਦੇ ਵਸ ਹੈ, ਇੱਥੋਂ ਦਾ ਦਾਣਾ ਪਾਣੀ ਇੱਕ ਦਿਨ ਹੋਰ ਖਾਣਾ ਸੀ।
ਤੈਨੂੰ ਹਾਲੀ ਰਸੋਈ ਸਿੱਖਿਆ ਦੀ ਬਹੁਤ ਲੋੜ ਹੈ। ਤੂੰ ਤੇ ਹਰ ਚੀਜ਼ ਅੰਨੋ ਕੁ-ਅੰਨ ਕਰ ਦਿੰਦੀ ਏਂ।
ਉਂਝ ਤਾਂ ਰਾਮੂ ਸ਼ਾਹ ਬੜਾ ਸੂਮ ਹੈ ਪਰ ਪੁੱਤ ਦੇ ਵਿਆਹ ਤੇ ਤਾਂ ਉਸ ਨੇ ਕਮਾਲ ਕਰ ਵਿਖਾਇਆ ਹੈ। ਸਿੱਧਾ ਬੋਰੀ ਦਾ ਮੂੰਹ ਹੀ ਖੋਲ੍ਹ ਕੇ ਰੱਖ ਦਿਤਾ ਤੇ ਅੰਨ੍ਹਾ ਖ਼ਰਚ ਕੀਤਾ ਹੈ।