ਜਦੋਂ ਕੰਦਲਾ (ਜਾਗੀਰਦਾਰ ਦੀ ਨੂੰਹ) ਨੇ ਹਵੇਲੀ ਵਿੱਚ ਕਦਮ ਰੱਖਿਆ, ਬੀਮਾਰ ਜਾਗੀਰਦਾਰ ਦੇ ਸੱਤ ਤੇ ਵੀਹ ਖੈਰੀਂ ਹੋਣ ਲੱਗ ਪਈਆਂ। ਅੱਜ ਹੋਰ ਕੱਲ੍ਹ ਹੋਰ ਤੇ ਕੋਈ ਤਿੰਨਾਂ ਹਫ਼ਤਿਆਂ ਬਾਅਦ ਉਹ ਰਾਜ਼ੀ ਬਾਜ਼ੀ ਹੋ ਗਿਆ।
ਸੱਤ ਬਚਨ ਭੈਣ ਜੀ ! ਮੈਂ ਬੜੀ ਖੁਸ਼ੀ ਨਾਲ ਤੁਹਾਨੂੰ ਇਸ ਪੁਸਤਕ ਦਾ ਉਤਾਰਾ ਕਰ ਦਿਆਂਗੀ, ਪਰ ਬਾਬਾ ਜੀ ਤੋਂ ਪੁੱਛ ਕੇ।
ਇਸ ਦੀਆਂ ਗੱਲਾਂ ਤੋਂ ਇਉਂ ਜਾਪਦਾ ਹੈ ਕਿ ਇਹ ਉਸ ਦਾ ਸੱਤ ਭੰਗ ਕਰ ਚੁੱਕਾ ਹੈ। ਆਖਰ ਉਹ ਇਸਤ੍ਰੀ ਇਸ ਦੇ ਵੱਸ ਸੀ।
ਜਦੋਂ ਸੰਗੀਤਾ ਦੇ 65 ਸਾਲਾ ਸਹੁਰੇ ਨੇ ਨਵਾਂ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕੀਤੀ, ਤਾਂ ਉਸ ਨੇ ਕਿਹਾ ਕਿ ਇਹ ਸੱਤਰਿਆ ਬਹੱਤਰਿਆ ਗਿਆ ਹੈ । ਇਸੇ ਕਰਕੇ ਕੋਈ ਅਕਲ ਦੀ ਗੱਲ ਨਹੀਂ ਕਰਦਾ।
ਉਸ ਦਾ ਸਤਾਰਾ ਐਸਾ ਉੱਘੜਿਆ ਏ ਕਿ ਹੁਣ ਧਨ ਸਾਂਭਿਆ ਨਹੀਂ ਜਾਂਦਾ। ਕੱਲ੍ਹ ਵਿਚਾਰਾ ਕੱਖਾਂ ਤੋਂ ਹੌਲਾ ਹੁੰਦਾ ਸੀ ਤੇ ਕੋਈ ਇੱਕ ਪੈਸਾ ਉਧਾਰ ਨਹੀਂ ਸੀ ਦਿੰਦਾ।
ਸਾਡੀ ਤੁਹਾਡੇ ਨਾਲ ਪੂਰੀ ਨਹੀਂ ਪੈ ਸਕਦੀ, ਤੁਸਾਂ ਸੱਤਾਂ ਪੱਤਣਾਂ ਦਾ ਪਾਣੀ ਪੀਤਾ ਹੋਇਆ ਹੈ, ਸਾਨੂੰ ਕੋਈ ਗੱਲ ਨੀ ਆਉਂਦੀ।
ਹੈ ਤੇਰਾ ਸੱਤਿਆ ਨਾਸ ਹੋ ਜਾਏ, ਇਹ ਕਰਤੂਤ ਕਰ ਕੇ ਸਾਡੀ ਪੀੜ੍ਹੀਆਂ ਦੀ ਬਣੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਐ।
ਜਸਵੀਰ ਦੀਆਂ ਝੂਠੀਆਂ ਤੁਹਮਤਾਂ ਸੁਣ ਕੇ ਮੈਨੂੰ ਸੱਤੀ ਕੱਪੜੀਂ ਅੱਗ ਲੱਗ ਗਈ।
ਅਖੇ ਜੋਰਾਵਰ ਨਾਲ ਭਿਆਲੀ, ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ। ਜ਼ੋਰਾਵਰ ਦਾ ਸੱਤੀ ਵੀਹ ਸੌ।
ਮੈਂ ਜੇ ਇੱਕ ਚੂੰਢੀ ਨਾਸ ਚੜ੍ਹਾ ਲਵਾਂ, ਦਿਮਾਗ ਦੇ ਸੱਤੋਂ ਪੜਦੇ ਸਪਾਟ ਹੋ ਜਾਂਦੇ ਨੇ।
ਵੱਡਾ ਰਾਠ ਜਿਮੀਂਦਾਰ ਖਾਂਵਦ ਕੋਹੀ ਸਿਫਤ ਅਖਾਈਂ, ਅਕਬਰ ਨਾਲ ਕਰੇਂਦਾ ਦਾਵੇ ਕੁਈ ਨਈਂ ਦਾ ਸਾਈਂ, ਸੋਨਾ ਰੁੱਪਾ ਮਾਲ ਖਜ਼ੀਨਾ ਢੁੱਕਨ ਸੱਤੇ ਪਾਹੀਂ, ਚਾਰੋਂ ਬੇਟੇ ਚੜ੍ਹ ਚੜ੍ਹਦੇ ਗੁਣ ਗਣ ਨਾਉਂ ਸੁਣਾਈ।
ਤੁਸੀਂ ਆਪਣੇ ਝਗੜੇ ਅੰਦਰ ਖਾਨੇ ਬੈਠ ਕੇ ਨਿਪਟਾ ਲਿਆ ਕਰੋ, ਸੱਥ ਕਿਉਂ ਪਾਉਂਦੇ ਹੋ ? ਜਿਸ ਨੂੰ ਨਹੀਂ ਪਤਾ ਉਸ ਨੂੰ ਵੀ ਸੁਣਾਂਦੇ ਹੋ।