ਇਹਨੀਂ ਦਿਨੀਂ ਉਸ ਨੂੰ ਪੁਸ਼ਪਾ ਦੇ ਵਿਆਹ ਲਈ ਉਚੇਚੀ ਕਾਹਲੀ ਇਸ ਕਰਕੇ ਵੀ ਸੀ ਕਿ ਇਸ ਵੇਲੇ ਇੱਕ ਮੁੰਡਾ ਉਸ ਦੇ ਹੱਥਾਂ ਹੇਠ ਸੀ, ਜਿਸ ਨੂੰ ਉਹ ਕਿਸੇ ਸੂਰਤ ਵਿੱਚ ਵੀ ਨਹੀਂ ਸੀ ਛੱਡਣਾ ਚਾਹੁੰਦੀ ।
ਭਾਵੇਂ ਬਚਨੋ ਦੀ ਜਿਉਣੇ ਨਾਲ ਮੁਲਾਹਜ਼ੇਦਾਰੀ ਰਹੀ ਸੀ, ਪਰ ਹੁਣ ਪੈਰੋਂ ਪੈਰ ਪਿਛਾਂਹ ਹਟਦੀ ਗਈ ਸੀ। ਅਜਿਹੀਆਂ ਮੁਲਾਹਜ਼ੇਦਾਰੀਆਂ ਦੁੱਧ ਦਾ ਉਬਾਲ ਹੁੰਦੀਆਂ ਹਨ, ਜਿਹੜੀਆਂ ਅੱਗ ਦੇ ਮੱਠੀ ਹੁੰਦਿਆਂ ਹੀ ਠਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਫਿਰ ਵੀ ਬਚਨੋ ਨੇ ਜਿਊਣੇ ਨੂੰ ਆਪਣੇ ਹੱਥਾਂ ਹੇਠ ਰੱਖਣਾ ਚੰਗਾ ਸਮਝਿਆ।
ਇਹੋ ਜਿਹੇ ਮੁੰਡਿਆਂ ਦੀ ਫਿਤਰਤ ਬੜੀ ਅਨੋਖੀ ਹੁੰਦੀ ਹੈ। ਜੇ ਸੰਭਲ ਕੇ ਚੰਗੀ ਤਰਬੀਅਤ ਦਿੱਤੀ ਜਾਵੇ ਤਾਂ ਸ਼ਾਨਦਾਰ ਸ਼ਖਸੀਅਤ ਬਣ ਸਕਦੇ ਨੇ, ਪਰ ਲਾਪਰਵਾਹੀ ਕਰਨ ਨਾਲ ਜੇ ਉਲਟੇ ਪਾਸੇ ਪੈ ਗਏ ਤਾਂ ਸਮਝੋ ਹਮੇਸ਼ਾ ਲਈ ਹੱਥਾਂ ਚੋਂ ਗਏ।
ਇਹ ਕਾਕਾ ਐਨਾ ਭੋਲਾ ਤੇ ਗ਼ਰੀਬ ਹੁੰਦਾ ਸੀ, ਨਿਰਾ ਗਊ, ਪਰ ਹੁਣ ਦਿਨੋਂ ਦਿਨ ਹੱਥਾਂ 'ਚੋਂ ਨਿੱਕਲਦਾ ਜਾਂਦਾ ਏ, ਕਿਸੇ ਦੀ ਨਹੀਂ ਮੰਨਦਾ, ਆਪ ਹੁਦਰੀਆਂ ਕਰਦਾ ਏ।
ਸੁਸ਼ੀਲ ਨੇ ਸੱਤ-ਸੱਤ ਰਕਮਾਂ ਦੀ ਗੁਣਾ ਦਾ ਝੱਟ-ਪਟ ਉੱਤਰ ਦੇ ਕੇ ਹੱਥਾਂ 'ਤੇ ਸਰ੍ਹੋਂ ਜਮਾ ਕੇ ਦਿਖਾ ਦਿੱਤੀ।
ਊਸ਼ਾ ਦੇ ਵਿਆਹ ਤੋਂ ਹੀ ਉਹ ਸਮਝ ਗਿਆ ਸੀ ਕਿ ਰਾਇ ਸਾਹਿਬ ਦੀ ਜਮ੍ਹਾਂ ਪੂੰਜੀ ਦਾ ਇੱਕ ਨਵਾਂ ਦਾਹਵੇਦਾਰ ਪੈਦਾ ਹੋ ਗਿਆ ਹੈ। ਉਸੇ ਦਿਨ ਤੋਂ ਉਹ ਬਰਾਬਰ ਸੋਚਦਾ ਰਹਿੰਦਾ ਸੀ ਕਿ ਨਵੇਂ ਮਾਲਕ ਨੂੰ ਕਿਸ ਤਰ੍ਹਾਂ ਹੱਥਾਂ ਤੇ ਪਾਣਾ ਹੋਵੇਗਾ।
ਪੇਪਰ ਵਿੱਚ ਆਪਣੇ ਜ਼ੀਰੋ ਨੰਬਰ ਵੇਖ ਕੇ ਰਿੰਕੂ ਦੇ ਹੱਥਾਂ ਦੇ ਤੋਤੇ ਉੱਡ ਗਏ।
ਰਾਣੋ ਚਾਹੁੰਦੀ ਸੀ ਕਿ ਉਸ ਦਾ ਇੱਕ ਸਾਲ ਦਾ ਬੱਚਾ ਹੱਥਾਂ ਪੈਰਾਂ ਉੱਤੇ ਹੋ ਜਾਏ । ਇਸ ਲਈ ਉਹ ਸਭ ਔਕੜਾਂ ਸਹਾਰ ਕੇ ਥੋੜ੍ਹੇ ਦਿਨ ਹੋਰ ਕੱਟਣਾ ਚਾਹੁੰਦੀ ਸੀ।
ਬਲਕਾਰ ਤਾਂ ਹੱਥਾਂ ਪੈਰਾਂ ਦਾ ਖੁੱਲ੍ਹਾ ਹੈ, ਪਰ ਉਸ ਦਾ ਭਰਾ ਸੁਕੜੂ ਜਿਹਾ ਹੀ ਹੈ।
ਸ਼ੇਰ ਨੂੰ ਸਾਹਮਣੇ ਦੇਖ ਕੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ।
ਮੁਆਫ਼ ਕਰਨਾ, ਅੱਜ ਤੁਹਾਨੂੰ ਗੱਲ ਦੀ ਅਸਲੀਅਤ ਪਤਾ ਲੱਗ ਗਈ, ਤੁਸੀਂ ਕੀ ਕਰ ਸਕਦੇ ਹੋ, ਪਰ ਜੇ ਤੁਹਾਡੀ ਥਾਂ ਉਨ੍ਹਾਂ ਦਾ ਕੋਈ ਸਾਨੀ ਹੁੰਦਾ ਤਾਂ ਉਹ ਸੰਘੀ ਨਹੁੰ ਦੇਣ ਨੂੰ ਤਿਆਰ ਹੋ ਜਾਂਦਾ। ਪੂਰਨ ਚੰਦ ਦੇ ਹੱਥਾਂ ਪੈਰਾਂ ਨੂੰ ਕੁੜੱਲ ਚੜ੍ਹਨੇ ਸ਼ੁਰੂ ਹੋ ਗਏ ।
ਜੋ ਕੁਝ ਹੋਣਾ ਸੀ ਹੋ ਗਿਆ, ਗੱਲ ਤੇ ਮੁੜਨੀ ਨਹੀਂ, ਇਸ ਲਈ ਹੱਥਾਂ ਵਿੱਚ ਸਿਰ ਫੜ ਕੇ ਇਸ ਤਰ੍ਹਾਂ ਬੈਠਣ ਦਾ ਕੀ ਲਾਭ ?