ਉਸ ਦੇ ਹਾਜ਼ਮੇ ਦੀ ਕੁਝ ਨਾ ਪੁੱਛੋ, ਡੱਡੀ ਮੱਛੀ ਸਭ ਹਜਮ ਕਰ ਜਾਂਦਾ ਹੈ । ਬੰਦਿਆਂ ਦਾ ਖੂਨ ਵੀ ਖ਼ੂਬ ਚੂਸਦਾ ਹੈ ਤੇ ਡਕਾਰ ਨਹੀਂ ਲੈਂਦਾ।
ਇਸ ਸਮੇਂ ਸਾਲੀਆਂ ਲਾੜੇ ਦੀ ਖੂਬ ਗਤ ਬਣਾਉਂਦੀਆਂ ਹਨ । ਉਸ ਨੂੰ ਡੱਬੀਆਂ ਮਾਰਦੀਆਂ, ਮਖੌਲ ਕਰਦੀਆਂ ਤੇ ਮਿਹਣੇ ਦਿੰਦੀਆਂ ਹਨ।
ਕੁੜੀ ਵਾਲਾ ਡਰਦਾ ਹਰ ਹਰ ਕਰਦਾ ਹੈ ਤੇ ਸੌ ਪਾਪੜ ਵੇਲਣੇ ਪੈਂਦੇ ਨੇ ਸ਼ਹਿਰੀਆਂ ਨੂੰ ਰੋਟੀ ਖੁਆਉਣ ਲਈ। ਪਲੇਟਾਂ ਕੱਠੀਆਂ ਕਰੋ, ਚਮਚੇ ਕੱਠੇ ਕਰੋ।
ਸਹਿਮ ਦੀ ਮਾਰੀ ਮਾਲਤੀ ਵੀ ਉਸ ਦੇ ਪਿੱਛੇ ਨਿਕਲ ਆਈ। ਉਸ ਦੇ ਦਿਲ ਵਿੱਚ ਕੋਈ ਐਸਾ ਡਰ ਬੈਠ ਗਿਆ ਸੀ ਕਿ ਜਦੋਂ ਵੀ ਅਚਾਨਕ ਕਿਸੇ ਦੀ ਆਵਾਜ਼ ਸੁਣਦੀ, ਕੰਬ ਉੱਠਦੀ ਸੀ।
ਉਹ ਬਹੁਤ ਤੇਜ਼ ਦੌੜਦਾ ਹੈ ਤੇ ਚੰਗੇ ਜੁਆਨ ਨੂੰ ਵੀ ਡਾਹ ਨਹੀਂ ਦੇਂਦਾ।
ਇਹ ਸਾਰੀਆਂ ਗੱਲਾਂ ਪਰਸੋਂ ਮੈਨੂੰ ਉਸ ਦੀ ਜ਼ਬਾਨੀ ਪਤਾ ਲੱਗੀਆਂ। ਸੱਚ ਜਾਨਣਾ, ਤੁਸੀਂ ਸਾਰੇ ਇਸ ਵੇਲੇ ਮੇਰੇ ਬਾਪੂ ਦੀ ਥਾਂ ਜੇ, ਯੂਸਫ ਨੇ ਜਦ ਪਰਸੋਂ ਮੈਨੂੰ ਆਪਣਾ ਸਾਰਾ ਹਾਲ ਸੁਣਾਇਆ ਤਾਂ ਸੁਣ ਕੇ ਮੇਰੀਆਂ ਡਾਡਾਂ ਨਿਕਲ ਗਈਆਂ।
ਮੌਲਵੀ ਨੇ ਵਿਧਵਾ ਨੂੰ ਆਪਣੇ ਨਾਲ ਵਿਆਹ ਕਰਾਉਣਾ ਮਨਾਣ ਲਈ, ਬਚਨ ਭੀ ਬੜੇ ਕੋਮਲ ਕਹੇ ਤੇ ਉਹਦੇ ਭੀ ਮੂੰਹ ਚਿਤ ਲੱਗਦੇ ਸਨ ਪ੍ਰੰਤੂ ਇਹ ਭੀ ਉਪਰੋਂ ਥੱਲੀ ਠੇਡੇ ਖਾ ਕੇ ਡਾਵਾਂ ਡੋਲ ਹੋ ਹੋ ਕੇ ਕੁਛ ਸੋਚਵਾਨ ਹੋ ਚੁਕੀ ਹੋਈ ; ਇਹ ਵੀ ਜਾਣਦੀ ਸੀ ਕਿ ਮੁਸਲਮਾਨਾਂ ਵਿਚ ਦੂਜਾ ਵਿਆਹ ਕੋਈ ਬੁਰੀ ਗੱਲ ਨਹੀਂ।
ਤੁਸੀਂ ਤੁਰ ਚੱਲੋ, ਮੈਂ ਵੀ ਡਿੱਗਦਾ ਢਹਿੰਦਾ ਪਹੁੰਚ ਹੀ ਜਾਵਾਂਗਾ। ਜਾਣਾ ਤੇ ਜ਼ਰੂਰੀ ਹੈ ਹੀ।
ਤੁਸੀਂ ਜਿਉਂ ਗਏ, ਮੁੜ ਕੇ ਬਹੁੜੇ ਹੀ ਨਹੀਂ ਤੇ ਅਸੀਂ ਡਿਬਰ ਡਿਬਰ ਤੁਹਾਨੂੰ ਵੇਖਦੇ ਹੀ ਰਹੇ ਕਿ ਹੋ ਕੀ ਗਿਆ ਹੈ।
ਜਦੋਂ ਉਸਨੇ ਗੱਡੀ ਦੀ ਟੱਕਰ ਦੀ ਖਬਰ ਸੁਣੀ, ਉਹ ਮਨ ਵਿੱਚ ਡੁਬਕੂ ਡੁਬਕੂ ਕਰਨ ਲੱਗੀ ਕਿਉਂਕਿ ਉਸੇ ਗੱਡੀ ਉਸਦਾ ਪੁੱਤਰ ਬੰਬਈ ਗਿਆ ਸੀ।
ਭਾਈਆ ਜੀ ਜ਼ੁਲਮ ਨਾ ਕਰੋ, ਆਪਣੀ ਧੀ ਤੇ ਤਰਸ ਕਰੋ। ਇਹ ਗਊ ਦਾ ਪੁੰਨ ਏ। ਆਪਣੀ ਹੱਥੀਂ ਕਰੋ ਸਵਾਰਥ ਰਾਜੀ ਖ਼ੁਸ਼ੀ (ਇਸ ਦਾ ਵਿਵਾਹ ਕਰ ਦਿਓ) ਨਹੀਂ ਤੇ ਕਿਤੇ ਉਹ ਨਾਂ ਹੋਵੇ ਜੋ ਕਿਤੇ ਡੁੱਬਣ ਲਈ ਥਾਂ ਨਾ ਲੱਭੇ।
ਭਾਵੇਂ ਨੌਕਰੀ ਛੁੱਟਨ ਦੀ ਮੁਸੀਬਤ ਨੂੰ ਇਹ ਤਿੰਨਾਂ ਮਹੀਨਿਆਂ ਦੀ ਤਨਖ਼ਾਹ ਘਟਾ ਨਹੀਂ ਸੀ ਸਕਦੀ, ਤਾਂ ਭੀ ਡੁੱਬਦੇ ਨੂੰ ਤੀਲੇ ਦਾ ਆਸਰਾ ਮਾਤਰ ਤਾਂ ਸੀ । ਸੋ ਉਸ ਬਾਰੇ ਪਤਾ ਕਰਨ ਵਾਸਤੇ ਉਹ ਸਭ ਮਜ਼ਦੂਰ ਉੱਥੇ ਖੜੇ ਸਨ।