ਤੂੰ ਹਰ ਵੇਲੇ ਉਸ ਦਾ ਨਾਂ ਕੂਕਦੀ ਰਹਿੰਦੀ ਏਂ ਤੇ ਘਰ ਘਾਟ ਦੇ ਕੰਮ ਵਿੱਚ ਤੇਰਾ ਮਨ ਨਹੀਂ ਲੱਗਦਾ। ਉਸ ਨੇ ਕੀ ਤੇਰੇ ਸਿਰ ਵਿੱਚ ਘੋਲ ਕੇ ਪਾ ਦਿੱਤਾ ਏ ?
ਪ੍ਰੇਮ ਦਾ ਸੌਦਾ ਇੰਨਾ ਸਸਤਾ ਨਹੀਂ, ਇੱਥੇ ਤੇ ਸਿਰ ਵੇਚਣਾ ਪੈਂਦਾ ਹੈ। ਬਿਨਾ ਦਮਾਂ ਪ੍ਰੇਮੀ ਦਾ ਗੁਲਾਮ ਹੋਣਾ ਪੈਂਦਾ ਹੈ।
ਕੈਰੋਂ ਨਵਾਬ ਦੀ ਮਤਰੇਈ ਮਾਂ ਨੂੰ ਜਾਦੂ ਕਰਕੇ ਮਾਰਨ ਲਈ ਤਿਆਰ ਹੋ ਗਈ ਸੀ। ਸਾਰਾ ਦਿਨ ਉਹ ਸੋਚਦੀ ਰਹੀ, ਉਹਦੀ ਪਹੁੰਚ ਹੁਣ ਉੱਚੀ ਤੋਂ ਉੱਚੀ ਥਾਂ ਹੋ ਰਹੀ ਸੀ ਕਿਉਂਕਿ ਨਵਾਬ ਇੱਕ ਅਮੀਰ ਜ਼ਿਮੀਂਦਾਰ ਦਾ ਪੁੱਤਰ ਸੀ। ਉਸਨੇ ਕਿਹਾ ਸੀ ਕਿ ਮੂੰਹ ਮੰਗੀ ਮੁਰਾਦ ਉਹਦੀ ਪੂਰੀ ਕਰੇਗਾ। ਤੇ ਕੈਰੋਂ ਨੇ ਸੋਚਿਆ ਸਾਰੀ ਉਮਰ ਦੁਲ੍ਹ ਝੋਖਦੀ ਰਹੀ ਹਾਂ ਪਰ ਸਿਰਾ ਅਖੀਰ ਮੇਰਾ ਚੰਗਾ ਲੱਗ ਗਿਆ।
ਇਹੋ ਜਿਹੇ ਬੇਥਵੇ ਆਦਮੀ ਹੋਰ ਭਾਵੇਂ ਕੁਝ ਕਰ ਲੈਣ, ਮਰਨ ਦਾ ਹੀਆ ਨਹੀਂ ਕਰ ਸਕਦੇ। ਮਰਨ ਦਾ ਹੌਂਸਲਾ ਉਹਨਾਂ ਲੋਕਾਂ ਵਿੱਚ ਹੀ ਹੁੰਦਾ ਏ, ਜਿਹੜੇ ਆਪਣੇ ਕੌਲ ਇਕਰਾਰ ਬਦਲੇ ਸਿਰਾਂ ਦੀ ਬਾਜ਼ੀ ਲਾਈ ਜਾਣਦੇ ਹੋਣ।
ਸਾਧੂ ਸਿੰਘ ਦੀ ਕਿਰਿਆ ਤੋਂ ਮਗਰੋਂ ਉਸਦੇ ਪੁੱਤਰ ਨੂੰ ਪੱਗ ਬੰਨ੍ਹਾਈ ਗਈ। ਪਰ ਸਿਰਾਂ ਨਾਲ ਹੀ ਸਤਾਰੇ ਹੁੰਦੇ ਹਨ। ਇਸ ਵਿਚਾਰੇ ਨੂੰ ਕਿਸ ਨੇ ਪੁੱਛਣਾ ਹੈ। ਘਰ ਦੀ ਸ਼ਾਨ ਤੇ ਉਸ ਨਾਲ ਹੀ ਸੀ।
ਮਾਂ ਨੇ ਸਾਰਾ ਹਾਲ ਰਾਉ ਸਾਹਬ ਨੂੰ ਦੱਸਿਆ। ਉਨ੍ਹਾਂ ਨੂੰ ਵੀ ਸਿਰੋਂ ਸੱਟ ਪੈ ਗਈ। ਗੁੱਸੇ ਵਿੱਚ ਉਨ੍ਹਾਂ ਪਤਨੀ ਨੂੰ ਆਖਿਆ, ਕਿ ਉਨ੍ਹਾਂ ਦਾ ਜੀ ਕਰਦਾ ਸੀ, ਪ੍ਰਭਾ ਨੂੰ ਦਰਿਆ ਵਿੱਚ ਡੋਬ ਦਿੱਤਾ ਜਾਏ।
ਲੜਾਈ ਵਿੱਚ ਆਪਣੇ ਪਤੀ ਦੇ ਮਾਰੇ ਜਾਣ ਕਰ ਕੇ ਵਿਚਾਰੀ ਸੰਤ ਕੌਰ ਜਵਾਨੀ ਵਿੱਚ ਸਿਰੋਂ ਨੰਗੀ ਹੋ ਗਈ ਸੀ ।
ਨਾਲੇ ਸ਼ਾਹ ਛੁਡਾ ਲਿਆ ਨਾਲੇ ਸਕਾ ਭਰਾ, ਦੁਸ਼ਮਣ ਦੱਖਣ ਟੁਰ ਗਿਆ ਟਲ ਗਈ ਸਿਰੋਂ ਬਲਾ।
ਵੇਖ ਲਿਆ ਨੀ ਤੇਰਾ ਗਿਰਾਂ, ਪਰਖ ਲਿਆ ਨੀ ਤੇਰਾ ਗਿਰਾਂ, ਜਿੱਥੇ ਵੀਰ ਵੀਰਾਂ ਨੂੰ ਖਾਂਦੇ, ਸਿਰੋਂ ਮਾਰ ਧੁੱਪੇ ਸੁੱਟ ਜਾਂਦੇ।
ਹਮਲੇ ਦੀ ਖਬਰ ਪੁੱਜਣ ਦੀ ਦੇਰ ਸੀ ਕਿ ਹਰ ਇੱਕ ਨੂੰ ਆਪਣੀ ਆਪਣੀ ਪੈ ਗਈ ਤੇ ਜਿੱਧਰ ਕਿਸੇ ਦੇ ਸਿੰਗ ਸਮਾਏ, ਉੱਧਰ ਉਹ ਨੱਸ ਦੌੜਿਆ।
ਖੁਸ਼ਵੰਤ ਨੇ ਪੂਰਨ ਸਿੰਘ ਦੇ ਗੋਡੇ ਉੱਤੇ ਬੈਠਿਆਂ ਬੈਠਿਆਂ ਪੇਸ਼ਾਬ ਕਰ ਦਿੱਤਾ ਸੀ ਤੇ ਨਰਿੰਦਰ ਸਿੰਘ ਇਸ ਤੋਂ ਬੜਾ ਸੀਖ ਪਾ ਹੋ ਰਿਹਾ ਸੀ। ਪੂਰਨ ਸਿੰਘ ਹੱਸਦਾ ਕਹਿਣ ਲੱਗਾ "ਨਰਿੰਦਰ ਸਿੰਹਾਂ ਕੀਹ ਮੱਤ ਮਾਰੀ ਗਈ ਏ, ਅਸੀਂ ਜ਼ਿਮੀਂਦਾਰ ਦਿਨ ਰਾਤ ਗੂੰਹ ਗੁਦੜ ਵਿੱਚ ਰਹਿੰਦੇ ਹਾਂ, ਇਹ ਤਾਂ ਸੁਗਾਤ ਸੂ।"
ਬਥੇਰੀਆਂ ਮਿੰਨਤਾਂ ਕਰ ਥੱਕੇ ਹਾਂ ਪਰ ਉਹ ਤਾਂ ਇਹ ਗੱਲ ਮੰਨਣ ਦਾ ਨਾਂ ਨਹੀਂ ਲੈਂਦਾ। ਕੀ ਪਤਾ ਕਿਸੇ ਹੋਰ ਦੀ ਸੀਟੀ ਤੇ ਚੜ੍ਹ ਗਿਆ ਹੈ?