'ਪਰ ਪ੍ਰਭਾ ! ਅਸੀਂ ਕੀਕਰ ਮੂੰਹ ਦਿਆਂਗੇ— ਅਸੀਂ ਕੀਕਰ ਜੀਉਂਦੇ ਨਾ ਮਰ ਜਾਵਾਂਗੇ ?" ਮਾਂ ਨੇ ਆਖਿਆ।
ਸੱਚੀ ਮੁੱਚੀ ਬੱਦਲਾਂ ਵੀ ਤਾਂ ਕੇਹਾ ਠਾਠ ਬੰਨ੍ਹਿਆਂ ਹੋਇਆ ਏ, ਵੇਖੋ ! ਕਿਵੇਂ ਅਸਮਾਨ ਵਿੱਚ ਟੁਲਕਦੇ ਜਾਂਦੇ ਨੇ, ਜਿਵੇਂ ਕੋਈ ਦਰਯਾ ਠਾਠਾਂ ਮਾਰਦਾ ਏ, ਅੜੀਓ ਬੱਦਲਾਂ ਨੂੰ ਵੇਖ ਕੇ ਤੇ ਜੀ ਉੱਛਲ ਉੱਛਲ ਪੈਂਦਾ ਏ।
ਇਸ ਕੰਮ ਤੋਂ ਮੇਰਾ ਜੀ ਉਟਕ ਗਿਆ ਹੈ। ਐਵੇਂ ਕਾਗਜ਼ ਕਾਲੇ ਕਰੀ ਜਾਉ ਤੇ ਮੱਖੀ ਤੇ ਮੱਖੀ ਮਾਰੀ ਜਾਉ।
ਲਾਲ ਚੰਦ ਨੇ ਦੱਸਿਆ- ਪਹਿਲੋਂ ਜਸੋ (ਸ਼ਾਮੂ ਦੀ ਧੀ) ਮੇਰੀ ਮੰਗ ਸੀ। ਫੇਰ ਸ਼ਾਮੂ ਸ਼ਾਹ ਨੂੰ ਗਿਆ ਲੋਭ। ਉਸ ਨੇ ਹੁੱਜਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਉਧਰੋਂ ਗਿਰਧਾਰੀ ਸ਼ਾਹ ਨਾਲ ਸੁਰ ਮੇਲੀ। ਜਸੋ ਨੂੰ ਪਤਾ ਲੱਗਾ ਤੇ ਉਹਦਾ ਜੀ ਸੜ ਗਿਆ ਏਸ ਗੱਲੋਂ।
ਅਸੀਂ ਬਥੇਰਾ ਯਤਨ ਕਰਦੇ ਹਾਂ, ਕਿ ਉਸ ਦਾ ਜੀਅ ਹੋਰ ਥਾਂ ਲਾਇਆ ਜਾਏ, ਉਹ ਖੇਡ-ਤਮਾਸ਼ੇ ਵੱਲ ਲੱਗੇ ਪਰ ਉਹ ਸਦਾ ਹੀ ਪੁੱਤ ਦੀ ਯਾਦ ਵਿੱਚ ਘੁਲਦਾ ਰਹਿੰਦਾ ਸੀ।
ਇਸ ਵਾਰੀ ਮੈਂ ਖੂਬ ਰੋਇਆ। ਅੰਦਰੋਂ ਆਵਾਜ਼ ਆਈ, ਕੀਹ ਹੋਇਆ, ਜੇ ਤੂੰ ਅਨਪੜ੍ਹ ਹੈਂ ਫ਼ਿਕਰ ਨਾ ਕਰ, ਉੱਠ। ਜਾਹ ਹੁਣ ਡੇਰੇ ਨੂੰ । ਤੂੰ ਅੱਜ ਰੋਟੀ ਵੀ ਨਹੀਂ ਖਾਧੀ। ਤੀਜੀ ਵਾਰ ਹੋਣ ਨਾਲ ਮੇਰਾ ਜੀਅ ਵੀ ਕੁਝ ਹੌਲਾ ਜਿਹਾ ਹੋ ਗਿਆ, ਪਰ ਨਿਰਾਸਤਾ ਅਜੇ ਵੀ ਬਦਸਤੂਰ ਕਾਇਮ ਸੀ।
ਜਿਉਂ ਹੀ ਮੈਂ ਮੋਟਰਕਾਰ ਤੇ ਚੜਿਆ, ਮੇਰਾ ਜੀਅ ਕੱਚਾ ਹੋਣ ਲੱਗਾ। ਮਸਾਂ ਮਸਾਂ ਸਫ਼ਰ ਮੁੱਕਾ ਤੇ ਮੇਰੀ ਜਾਨ ਛੁੱਟੀ।
ਮੇਰਾ ਜੀਅ ਕਰਦਾ ਹੈ ਕਿ ਇੱਕ ਦਿਨ ਸਿਨਮੇ ਚੱਲੀਏ।
ਰੱਜੀ ਦੀ ਮਾਈ, ਬਚਪਨ ਤੋਂ ਜਿਸ ਨੇ ਉਹਨੂੰ ਪਾਲਿਆ ਪੋਸਿਆ ਸੀ, ਹੁਣ ਉਹ ਬੁੱਢੀ ਹੋ ਗਈ ਸੀ। ਉਸ ਦੇ ਮਰੀਅਲਪਨ ਤੋਂ, ਕੁੜ ਕੁੜ ਕਰਦੇ ਹੱਡੀਆਂ ਦੇ ਢਾਂਚੇ ਤੋਂ ਇਹਦਾ ਜੀਅ ਡਾਢਾ ਕਾਹਲਾ ਪੈਂਦਾ । ਅਖੀਰ ਰੱਜੀ ਨੇ ਇਕ ਦਿਨ ਅੱਕ ਕੇ ਉਹਨੂੰ ਛੁੱਟੀ ਦੇ ਦਿੱਤੀ।
ਉਹ ਐਵੇਂ ਆਪਣਾ ਜੀ ਖਪਾਂਦੀ ਰਹਿੰਦੀ ਹੈ : ਇਸ ਪੁੱਤਰ ਦੇ ਸੁਧਰਨ ਵਾਲੇ ਚਾਲੇ ਹੀ ਨਹੀਂ ਜਾਪਦੇ। ਸਮੇਂ ਦੀ ਥਪੇੜ ਹੀ ਇਸ ਨੂੰ ਸਿੱਧਾ ਕਰੇਗੀ।
ਮੈਂ ਤੁਹਾਨੂੰ ਦੱਸਿਆ ਨਹੀਂ, ਮੈਂ ਰਾਤੀਂ ਬੜਾ ਭੈੜਾ ਸੁਫਨਾ ਵੇਖਿਆ ਏ। ਜੋ ਕੁਝ ਸੁਫਨੇ ਵਿੱਚ ਵੇਖਿਆ ਏ, ਉਸ ਦਾ ਖ਼ਿਆਲ ਕਰਾਂ ਤਾਂ ਜੀ ਖੁੱਸਦਾ ਏ।
ਗ਼ਰੀਬ ਭੁੱਖਿਆਂ ਨੇ ਜੀਅ ਖੋਲ੍ਹ ਕੇ ਭੋਜਨ ਖਾਧਾ ਤੇ ਉਸ ਨੂੰ ਅਸੀਸਾਂ ਦਿੱਤੀਆਂ।