ਮੈਂ ਉਨ੍ਹਾਂ ਨੂੰ ਬਚਾਉਣ ਲਈ—ਉਨ੍ਹਾਂ ਦੇ ਫਿਕਰਾਂ ਤੇ ਦੁੱਖਾਂ ਦਾ ਅੰਤ ਕਰਨ ਲਈ ਇਸ ਜ਼ਿੰਦਗੀ ਦੀ ਅਹੂਤੀ ਦਿਆਂਗੀ । ਤੇ ਉਹ ਦਿਲ ਨੂੰ ਹੋਰ ਪੱਕਾ ਕਰ ਕੇ ਅਗਾਂਹ ਤੁਰ ਪਈ।
ਮਾਤਾ ਜੀ ਹਰ ਵੇਲੇ ਇਸੇ ਤਰ੍ਹਾਂ ਮੇਰੇ ਉੱਤੇ ਤੇ ਮੇਰੀ ਹਰ ਇੱਕ ਹਰਕਤ ਉੱਤੇ ਪਹਿਰਾ ਰੱਖਦੇ ਨੇ, ਜਿਵੇਂ ਮੈਂ ਕਿਤੇ ਉੱਡ ਹੀ ਜਾਣਾ ਹੈ। ਉਨ੍ਹਾਂ ਦੇ ਇਸ ਅਨਿਆਏ ਨੂੰ ਸਹਿੰਦਿਆਂ ਸਹਿੰਦਿਆਂ ਮੇਰਾ ਦਿਲ ਪੱਥਰ ਹੋ ਗਿਆ ਹੈ। ਹਰ ਵੇਲੇ ਸੋਤਰ ਸੁੱਕੇ ਰਹਿੰਦੇ ਹਨ।
ਹਵੇਲੀ ਦੇ ਜਿਨ੍ਹਾਂ ਗ਼ਰੀਬਾਂ ਨੂੰ ਤੁਸਾਂ ਤਪਦੀਆਂ ਧੁੱਪਾਂ ਵਿੱਚ ਬਾਹਰ ਕਢਵਾ ਦਿੱਤਾ ਸੀ, ਉਨ੍ਹਾਂ ਦੀ ਹਾਲਤ ਵੇਖ ਕੇ ਮੇਰਾ ਦਿਲ ਪਾਟ ਗਿਆ ਏ।
ਤੂੰ ਹੀ ਉਸ ਨੂੰ ਠੀਕ ਕਾਬੂ ਕਰਦਾ ਹੈਂ । ਸਾਡੇ ਤੇ ਕਿਸੇ ਤਰ੍ਹਾਂ ਸੂਤ ਹੀ ਨਹੀਂ ਆਉਂਦਾ । ਬਸ ਤੂੰ ਉਸ ਦਾ ਦਿਲ ਪਾ ਲਿਆ ਹੈ।
ਬੀਬੀ ਦੀ ਮਾਂ ਜ਼ਬਾਨੋਂ ਜ਼ਰਾ ਭੈੜੀ ਏ, ਪਰ ਦਿਲ ਪੇਟ ਕੁਝ ਨਹੀਂ। ਕਿਤੇ ਕੁਝ ਤਿੱਖੀ ਹੋ ਬੋਲੀ ਹੋਊ ਤੇ ਮੁੰਡਾ ਨਰਾਜ਼ ਹੋ ਕੇ ਤੁਰ ਆਇਆ ਤੇ ਨਾਲ ਈ ਲੈ ਆਇਆ ਬੀਬੀ ਨੂੰ।
ਕੈਦ ਵਿੱਚ ਫਸਿਆ ਆਦਮੀ ਤਾਂ ਕਿਸੇ ਦਿਨ ਨਿੱਕਲ ਆਏਗਾ ਪਰ ਜੋ ਦਿਲ ਫਸਾ ਬੈਠਾ, ਫਿਰ ਸਾਰੀ ਉਮਰ ਨਹੀਂ ਨਿੱਕਲ ਸਕਦਾ।
ਮਿਸਤਰੀ ਜਿਵੇਂ ਧਰਤੀ ਵਿੱਚ ਖੁਭਦਾ ਜਾਂਦਾ ਸੀ । ਗੱਲ ਸਾਧਾਰਨ ਜਿਹੀ ਸੀ, ਤੇ ਪੂਰਨ ਚੰਦ ਦੀ ਵੀ ਕੋਈ ਏਡੀ ਵੱਡੀ ਹੈਸੀਅਤ ਨਹੀਂ ਸੀ ਜਿਸ ਕੋਲੋਂ ਉਸ ਨੂੰ ਡਰਨ ਦੀ ਲੋੜ ਹੁੰਦੀ, ਪਰ ਆਪਣੇ ਆਪ ਉੱਤੇ ਸ਼ੱਕ ਦੀ ਨਜ਼ਰ ਵੇਖ ਕੇ ਬੱਗਾ ਸਿੰਘ ਦਾ ਦਿਲ ਫੱਟੜ ਹੋ ਗਿਆ।
ਨਵਾਬ ਖਾਨ ਦੇ ਘਰ ਦਾ ਹਾਲ ਵੇਖ ਕੇ ਤੇ ਸ਼ਹੀਦਾਂ ਦੀਆਂ ਬੋਲੀਆਂ ਸੁਣ ਕੇ ਖੈਰ ਦੀਨ ਦਾ ਦਿਲ ਵੀ ਬਰਕਤ ਤੇ ਉਸ ਦੇ ਮਾਪਿਆਂ ਵਲੋਂ ਡਾਡਾ ਖੱਟਾ ਹੋ ਗਿਆ। ਅਤੇ ਉਹਦਾ ਦਿਲ ਅਜੇਹਾ ਫਿੱਕਾ ਹੋਇਆ ਜੁ ਉਸ ਨੂੰ ਨੂੰਹ ਘਰ ਲੈ ਜਾਣ ਦੀ ਕੋਈ ਖੁਸ਼ੀ ਨਾ ਰਹੀ।
ਮੇਰੇ ਪਾਸੋਂ ਹੀ ਭੁੱਲ ਹੋ ਗਈ ਹੈ ਜੋ ਤੁਸਾਂ ਮੇਰੇ ਤੋਂ ਦਿਲ ਫੇਰ ਲਿਆ ਹੈ । ਮੇਰੇ ਲਈ ਇਹ ਦਸ਼ਾ ਅਸਹਿ ਹੈ । ਕਿਰਪਾ ਕਰਕੇ ਮੈਨੂੰ ਕੰਡ ਨਾ ਦਿਓ।
ਜ਼ਰਾ ਜ਼ਰਾ ਕਿਸੇ ਦੀ ਕੀਤੀ ਗੱਲ ਉਸ ਦੇ ਦਿਲ ਨੂੰ ਚੁੱਭ ਜਾਂਦੀ, ਤੇ ਉਹ ਹੈਰਾਨ ਹੁੰਦੀ ਰਹਿੰਦੀ, ਰਿਝਦੀ ਰਹਿੰਦੀ । ਅਖੀਰ ਆਪਣੇ ਵੀਰ ਕੋਲ ਬਹਿ ਕੇ ਓਹ ਸਾਰਾ ਆਪਣਾ ਦਿਲ ਫੋਲਦੀ ਤੇ ਆਪਣੀਆਂ ਗੁੰਝਲਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ।
ਦਿਲ ਬਰੀਆਂ ਤਾਂ ਤੁਹਾਡੀਆਂ ਠੀਕ ਹਨ ਪਰ ਜੋ ਅੱਗ ਮੇਰੇ ਅੰਦਰ ਲੱਗੀ ਹੋਈ ਹੈ, ਇਹ ਮੈਂ ਹੀ ਜਾਣਦਾ ਹਾਂ। ਇਹੋ ਪੁੱਤਰ ਮੇਰੀ ਟੋਹਣੀ ਤੇ ਡੰਗੋਰੀ ਸੀ।
ਸੁਰੇਸ਼ ਦੀ ਭੂਆ ਨੇ ਜਦੋਂ ਕਿਹਾ ਕਿ ਮੈਂ ਮਹਿੰਦਰ ਦੀ ਵੀ ਭੂਆ ਹੀ ਲੱਗਦੀ ਹਾਂ ਪੁੱਤਰੀ, ਉਹ ਕੋਈ ਓਪਰਾ ਤਾਂ ਨਹੀਂ । ਉਹਦੇ ਸੁਭਾਵਕ ਕੋਮਲ ਸੁਰ ਵਿੱਚੋਂ ਇਕ ਅਜੇਹੀ ਸਨੇਹ ਤੇ ਮਿਠਾਸ ਪ੍ਰਗਟ ਹੋਈ ਕਿ ਇਕ ਪਲ ਵਿੱਚ ਅਚਲਾ ਦਾ ਦਿਲ ਬਾਗ਼ ਬਾਗ਼ ਹੋ ਗਿਆ।