ਜਦੋਂ ਕਰਨ ਨੇ ਇੱਕ ਅਜਨਬੀ ਨੂੰ ਆਪਣੇ ਘਰ ਵੱਲ ਤੱਕਦਿਆਂ ਦੇਖਿਆ ਤਾਂ ਉਹ ਉਸਨੂੰ ਅੱਖਾਂ ਫਾੜ ਫਾੜ ਕੇ ਵੇਖਣ ਲੱਗਾ।
ਬੱਚਿਆਂ ਦੀਆਂ ਸ਼ਰਾਰਤਾਂ ਦੇਖ ਕੇ ਮਾਂ ਦੀਆਂ ਅੱਖਾਂ ਫੁੱਟ ਨਿਕਲੀਆਂ।
ਜਿਊਣੇ ਨੇ ਸੰਤੀ ਨੂੰ ਬਲਦ ਦੇ ਰੁਪਏ, ਕਜ਼ੀਆ ਕਲੇਸ਼ ਕਰਨ ਤੇ ਵੀ ਨਾ ਦਿੱਤੇ। ਜਦੋਂ ਉਸਨੇ ਪੰਚਾਇਤ ਸੱਦੀ ਤਾਂ ਉਹ ਅੱਖਾਂ ਫੇਰ ਗਿਆ।
ਸੱਸ ਤੇ ਨਿਨਾਣਾਂ ਪਹਿਲਾਂ ਤਾਂ ਦੋ ਚਾਰ ਦਿਨ ਲੋਕ ਵਿਖਾਵੇ ਲਈ ਵਹੁਟੀਏ, ਵਹੁਟੀਏ ਕਰਦੀਆਂ ਰਹੀਆਂ। ਫੇਰ ਆਪਣਾ ਰੰਗ ਕੱਢਿਆ ਤੇ ਆਪਣੇ ਰਵਾਂ ਤੇ ਆ ਗਈਆਂ ਤੇ ਤੋਤੇ ਵਾਂਗ ਝੱਟ ਅੱਖਾਂ ਬਦਲ ਲੀਤੀਆਂ।
ਮੈਨੂੰ ਉਸ ਤੋਂ ਸਖ਼ਤ ਨਫ਼ਰਤ ਹੋ ਗਈ, ਤਦ ਕੀ ਦੱਸਾਂ ਤੁਹਾਨੂੰ ਐਤਕੀਂ ਜਦ ਉਸ ਨੇ ਪਿੰਡ ਆ ਕੇ ਮੈਨੂੰ ਰੋ ਰੋ ਕੇ ਆਪਣਾ ਹਾਲ ਸੁਣਾਇਆ, ਤਾਂ ਸੱਚ ਜਾਨਣਾ। ਮੇਰੀਆਂ ਅੱਖਾਂ ਭਰ ਆਈਆਂ।
"ਮੇਰਾ ਬੜਾ ਜੀ ਕਰਦਾ ਏ ਬਾਊ ਜੀ ਨੂੰ ਮਿਲਣ ਲਈ" ਮਾਲਤੀ ਨੇ ਅੱਖਾਂ ਭਰ ਕੇ ਕਿਹਾ।
ਕਿਸੇ ਦੀ ਮਜਾਲ ਏ, ਅੱਖ ਭਰ ਕੇ ਏਧਰ ਵੇਖ ਵੀ ਜਾਏ। ਮੇਰੀ ਧੀ ਵੱਲ ਕੋਈ ਵੇਖੇ, ਤੇ ਮੈਂ ਉਸ ਦੀ ਅੱਖ ਨਾ ਕੱਢ ਦਿਆਂ।
ਉਸ ਦੇ ਪਿਤਾ ਜੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਹੁਣ ਉਨ੍ਹਾਂ ਨੂੰ ਪੂਰੇ ਹੋਇਆਂ ਕਈ ਸਾਲ ਹੋ ਗਏ ਹਨ ਤੇ ਉਹ ਵੀ ਜਵਾਨ ਹੋ ਗਿਆ ਹੈ ਪਰ ਹੁਣ ਵੀ ਜਦੋਂ ਕਿਸੇ ਤਰ੍ਹਾਂ ਪਿਤਾ ਜੀ ਦਾ ਜ਼ਿਕਰ ਆ ਜਾਏ, ਉਹ ਅੱਖਾਂ ਭਰ ਲੈਂਦਾ ਹੈ ਤੇ ਉੱਥੋਂ ਉੱਠ ਜਾਂਦਾ ਹੈ।
ਸ਼ਿਆਮਾ ਜਦ ਗੁੱਸੇ ਵਿੱਚ ਪਾਗਲ ਹੋ ਕੇ ਪਤੀ ਨੂੰ ਏਥੋਂ ਤਕ ਕਹਿ ਦੇਂਦੀ- "ਝੂਟ ਲਏ ਤੁਹਾਡੇ ਪੱਟ ਦੇ ਪੰਘੂੜੇ" ਤਾਂ ਪ੍ਰਭਾਕਰ ਦਾ ਦਿਲ ਕਰਦਾ ਕਿ ਉਹ ਇਸੇ ਘੜੀ ਘਰ ਨੂੰ ਅੱਗ ਲਾ ਕੇ ਫੂਕ ਸੁੱਟੇ। ਸ਼ਿਆਮਾ ਪਾਸੋਂ ਇਹੋ ਜਿਹੀ ਸਰਦ ਮੋਹਰੀ ਦੀ ਉਹ ਆਸ ਨਹੀਂ ਸੀ ਰੱਖਦਾ। ਬਰਾਬਰ ਉਸ ਦੇ ਦਿਲ ਵਿੱਚ ਆਉਂਦੀ-ਇਹ ਸਭ ਗਰੀਬੀ ਦਾ ਹੀ ਫਲ ਹੈ ਕਿ ਮੇਰੀ ਸਤੀ ਸਤਵੰਤੀ ਪਤਨੀ ਨੇ ਵੀ ਅੱਖਾਂ ਮੱਥੇ ਤੇ ਧਰ ਲਈਆਂ ਨੇ।
ਯਕੀਨ ਕਿਸੇ ਨੂੰ ਆਵੇ, ਨਾ ਆਵੇ ਪਰ ਅਸਲੀਅਤ ਵੱਲੋਂ ਤਾਂ ਕੋਈ ਅੱਖਾਂ ਨਹੀਂ ਮੀਟ ਸਕਦਾ ਕਿ ਇਸ ਬਦ-ਨਸੀਬਾਂ ਦੀ ਬਸਤੀ ਵਿੱਚ ਬੇ-ਓੜਕ ਤਖਤ ਹਜ਼ਾਰੇ ਦੇ ਵਾਲੀ, ਤੇ ਅਣ-ਗਿਣਤ ਝੰਗ ਸਿਆਲਾਂ ਦੀਆਂ ਸਲੇਟੀਆਂ ਮੌਜੂਦ ਸਨ।
ਤੁਹਾਡੇ ਪਿਉ ਦੀ ਰਕਮ ਲਗਦੀ ਹੋਵੇ ਤਾਂ ਤੁਹਾਨੂੰ ਦਰਦ ਹੋਵੇ। ਇਸ ਤਰ੍ਹਾਂ ਅੱਖਾਂ ਮੀਟ ਕੇ ਕੰਮ ਕਰਦੇ ਹੋ ਜਿਵੇਂ ਏਸ ਕੰਮ ਨਾਲ ਤੁਹਾਡਾ ਸਰੋਕਾਰ ਹੀ ਕੋਈ ਨਹੀਂ।
ਅਲਕਾ ਦੇ ਪਿਤਾ ਜੀ ਕਈ ਦਿਨਾਂ ਤੋਂ ਬਿਮਾਰ ਸਨ, ਕੱਲ੍ਹ ਉਹ ਅੱਖਾਂ ਮੀਟ ਗਏ।